Myanmar : ਮਿਆਂਮਾਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਵਾਈ ਜਹਾਜ਼ ‘ਤੇ ਗੋਲੀਬਾਰੀ ਕੀਤੀ ਗਈ। ਇਹ ਹਮਲਾ ਜ਼ਮੀਨ ਤੋਂ ਕੀਤਾ ਗਿਆ ਅਤੇ ਗੋਲੀ 3500 ਫੁੱਟ ਦੀ ਉਚਾਈ ‘ਤੇ ਉੱਡਦੇ ਹਵਾਈ ਜਹਾਜ਼(Myanmar Airlines flight0 ‘ਚ ਬੈਠੇ ਵਿਅਕਤੀ ‘ਤੇ ਲੱਗੀ। ਗੋਲੀ ਲੱਗਣ ਤੋਂ ਬਾਅਦ ਖੂਨ ਨਾਲ ਲਥਪਥ ਇਕ ਵਿਅਕਤੀ ਨੂੰ ਉਤਰਨ ਤੋਂ ਬਾਅਦ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ
ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਇਸ ਜਹਾਜ਼ ਵਿੱਚ 63 ਯਾਤਰੀ ਸਵਾਰ ਸਨ। ਪੂਰਬੀ ਰਾਜ ਕਾਯਾ ਦੀ ਰਾਜਧਾਨੀ ਲੋਇਕਾਵ ਵਿਖੇ ਉਤਰਨ ਵਾਲੀ ਸੀ। ਉਦੋਂ ਹੀ ਹਮਲਾ ਹੋਇਆ। ਇਸ ਘਟਨਾ ਨਾਲ ਜੁੜੀਆਂ ਕਈ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ‘ਚ ਜਹਾਜ਼ ‘ਚ ਗੋਲੀ ਦੇ ਛੇਕ ਦਿਖਾਈ ਦੇ ਰਹੇ ਹਨ। ਖੂਨ ਨਾਲ ਲਥਪਥ ਸੀਟ ‘ਤੇ ਇਕ ਪੁਰਸ਼ ਯਾਤਰੀ ਬੈਠਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਗਰਦਨ ਦੇ ਕੋਲ ਲੱਗੀ।
ਲੋਈਕਾਵ ਵਿੱਚ ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦੇ ਦਫਤਰ ਨੇ ਕਿਹਾ ਕਿ ਸ਼ਹਿਰ ਲਈ ਸਾਰੀਆਂ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਮਿਆਂਮਾਰ ਦੀ ਫੌਜੀ ਸਰਕਾਰ ਨੇ ਬਾਗੀ ਬਲਾਂ ‘ਤੇ ਜਹਾਜ਼ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ – ਹਾਲਾਂਕਿ ਬਾਗੀ ਸਮੂਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਮਿਆਂਮਾਰ ਦੀ ਸੱਤਾਧਾਰੀ ਫੌਜੀ ਕੌਂਸਲ ਦੇ ਬੁਲਾਰੇ ਮੇਜਰ ਜਨਰਲ ਜ਼ੌ ਮਿਨ ਤੁਨ ਨੇ ਸਰਕਾਰੀ ਟੀਵੀ ਨੂੰ ਦੱਸਿਆ, “ਮੈਂ ਕਹਿਣਾ ਚਾਹੁੰਦਾ ਹਾਂ ਕਿ ਯਾਤਰੀ ਜਹਾਜ਼ ‘ਤੇ ਅਜਿਹਾ ਹਮਲਾ ਜੰਗੀ ਅਪਰਾਧ ਹੈ।
ਪੂਰਬੀ ਰਾਜ ਕਾਯਾ ਵਿੱਚ, ਪਿਛਲੇ ਫਰਵਰੀ ਵਿੱਚ ਦੇਸ਼ ਦੀ ਲੋਕਤੰਤਰੀ ਤੌਰ ‘ਤੇ ਚੁਣੀ ਗਈ ਸਰਕਾਰ ਦਾ ਤਖਤਾ ਪਲਟਣ ਅਤੇ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਫੌਜ ਅਤੇ ਬਾਗੀ ਸਮੂਹਾਂ ਵਿਚਕਾਰ ਤਿੱਖੀ ਲੜਾਈ ਚੱਲ ਰਹੀ ਹੈ।
ਮਿਆਂਮਾਰ ਵਿੱਚ ਫੌਜੀ ਸਰਕਾਰ ਦੇ ਨੇਤਾ ਨੇ ਦੇਸ਼ ਵਿੱਚ ਚੋਣਾਂ ਦੀ ਤਿਆਰੀ ਲਈ ਐਮਰਜੈਂਸੀ ਦੀ ਸਥਿਤੀ ਨੂੰ ਹੋਰ ਛੇ ਮਹੀਨਿਆਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਆਗੂ ਨੇ ਇਹ ਵੀ ਕਿਹਾ ਕਿ ਇਹ ਚੋਣਾਂ ਅਗਲੇ ਸਾਲ ਹੋਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 1 ਫਰਵਰੀ ਨੂੰ ਫੌਜ ਨੇ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ ਸੀ। ਫੌਜ ਨੇ ਨਵੰਬਰ 2020 ਦੀਆਂ ਆਮ ਚੋਣਾਂ ਵਿੱਚ ਕਥਿਤ ਧੋਖਾਧੜੀ ਦਾ ਹਵਾਲਾ ਦਿੱਤਾ, ਜਿਸ ਵਿੱਚ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਫੌਜ ਸਮਰਥਕ ਪਾਰਟੀ ਨੇ ਮਾੜਾ ਪ੍ਰਦਰਸ਼ਨ ਕੀਤਾ।