ਵਿਰੋਧੀ ਧਿਰਾਂ ਦਾ ਇਲਜ਼ਾਮ ਸਰਕਾਰ ਬਣ ਤੋਂ ਪਹਿਲਾਂ ਹੀ VICTORY MARCH ‘ਤੇ ਕੀਤੇ ਗਏ 15 ਲੱਖ ਖਰਚ
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਭਗਵੰਤ ਮਾਨ ਸਰਕਾਰ 16 ਮਾਰਚ ਨੂੰ ਹੌਂਦ ਵਿੱਚ ਆਈ ਸੀ । ਇਸੇ ਦਿਨ ਮਾਨ ਨੇ ਕੈਬਨਿਟ ਦੇ ਨਾਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। 10 ਮਾਰਚ ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ 13 ਮਾਰਚ ਨੂੰ ਅੰਮ੍ਰਿਤਸਰ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਿਕਟਰੀ ਮਾਰਚ ਕੱਢਿਆ ਸੀ ਪਰ ਇਸ ‘ਤੇ ਖਰਚ ਲੱਖਾਂ ਰੁਪਏ ਦਾ ਬੋਝ ਪੰਜਾਬ ਦੇ ਸਰਕਾਰੀ ਖ਼ਜ਼ਾਨੇ ‘ਤੇ ਪਾ ਦਿੱਤਾ ਗਿਆ। RTI ਤੋਂ ਮਿਲੀ ਜਾਣਕਾਰੀ ਨਾਲ ਇਹ ਖ਼ੁਲਾਸਾ ਹੋਇਆ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇਲਜ਼ਾਮ ਹੈ ਜਿਸ ਵੇਲੇ ਵਿਕਟਰੀ ਮਾਰਚ ਕੱਢਿਆ ਗਿਆ ਉਸ ਵੇਲੇ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਸਹੁੰ ਨਹੀ ਚੁੱਕੀ ਸੀ ਅਤੇ ਵੈਸੇ ਵੀ ਇਹ ਪਾਰਟੀ ਦਾ ਪ੍ਰੋਗਰਾਮ ਸੀ।
15 ਲੱਖ ਰੁਪਏ ਖਰਚ ਹੋਏ
ਮਾਨਸਾ ਦੇ ਰਹਿਣ ਵਾਲੇ ਮਾਨਿਕ ਗੋਇਲ ਨੇ RTI ਦੇ ਜ਼ਰੀਏ ਜਾਣਕਾਰੀ ਹਾਸਲ ਕੀਤੀ ਹੈ ਕਿ 13 ਮਾਰਚ ਨੂੰ ਵਿਕਟਰੀ ਮਾਰਚ ਦੌਰਾਨ ਸਰਕਾਰੀ ਖਜ਼ਾਨੇ ਤੋਂ ਪੈਸਾ ਖਰਚ ਕੀਤਾ ਗਿਆ। ਫਾਈਵ ਸਟਾਰ ਹੋਟਲ ਵਿੱਚ ਠਹਿਰਾਉਣ ਖਾਣ-ਪੀਣ ‘ਤੇ 1.52 ਲੱਖ ਖਰਚ ਕੀਤਾ ਗਿਆ। ਸੜਕਾਂ ‘ਤੇ ਕੀਤੀ ਫੁੱਲਾਂ ਦੀ ਸਜਾਵਟ ‘ਤੇ 4.83 ਲੱਖ ਖਰਚ ਹੋਏ ਜਦਕਿ ਸਵਾਗਤੀ ਗੇਟਾਂ ‘ਤੇ 75 ਹਜ਼ਾਰ, ਟੈਂਟ ਅਤੇ ਕੁਰਸੀਆਂ ‘ਤੇ 5.56 ਲੱਖ, ਢੋਲ ‘ਤੇ 54,500, ਬੁੱਕੇ ‘ਤੇ 1.68 ਲੱਖ, ਫੁਲਕਾਰੀਆਂ ‘ਤੇ 18 ਹਜ਼ਾਰ, ਗੋਲਡ ਪਲੇਟਿਡ ਕਿਰਪਾਨਾਂ ‘ਤੇ 34 ਹਜ਼ਾਰ, ਫਲੈਕਸਾਂ ‘ਤੇ 45 ਹਜ਼ਾਰ ਅਤੇ ਫੋਟੋਗਰਾਫਰਾਂ ‘ਤੇ 17 ਹਜ਼ਾਰ 500 ਰੁਪਏ ਖਰਚ ਕੀਤੇ ਗਏ। ਮਾਨਿਕ ਗੋਇਲ ਦਾ ਕਹਿਣਾ ਹੈ ਕਿ ਸਰਕਾਰ ਤੋਂ ਬੱਸਾਂ ‘ਤੇ ਕੀਤੇ ਖਰਚ ਦੀ ਵੀ ਜਾਣਕਾਰੀ ਮੰਗੀ ਗਈ ਹੈ।
ਬਾਜਵਾ ਨੇ ਕੱਸਿਆ ਤੰਜ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸਰਕਾਰ ਵੀ ਨਹੀਂ ਬਣੀ ਸੀ ਵਿਕਟਰੀ ਮਾਰਚ ਕੱਢਿਆ ਗਿਆ । ਫਾਈਵ ਸਟਾਰ ਹੋਟਲ ਬੁੱਕ ਕੀਤੇ ਗਏ,ਖਾਣਾ ਖਾਦਾ ਗਿਆ,ਸੋਨੇ ਦੀ ਪਲੇਟਿਡ ਕਿਰਪਾਨ ਦਿੱਤੀ ਗਈ, 2 ਹਜ਼ਾਰ ਤੋਂ ਜ਼ਿਆਦਾ ਬੱਸਾਂ ਦਾ ਖਰਚਾ ਸਰਕਾਰੀ ਖਜ਼ਾਨੇ ਤੋਂ ਹੋਇਆ ਇਸ ਦੇ ਬਾਵਜੂਦ ਕੱਟੜ ਇਮਾਨਦਾਰ ਸਰਕਾਰ,ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਦੱਸਣ ਕਿ ਕਦੋਂ ਪੰਜਾਬ ਦਾ ਪੈਸਾ ਵਾਪਸ ਕਰਨਗੇ।