ਬਿਊਰੋ ਰਿਪੋਰਟ : ਕੈਨੇਡਾ ਵਿੱਚ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਧਰਨਾ ਦੇ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਵੱਡੀ ਹਮਾਇਤ ਮਿਲੀ ਹੈ, ਪਾਰਲੀਮੈਂਟ ਵਿੱਚ ਵਿਦਿਆਰਥੀਆਂ ਦੇ ਹੱਕ ਵਿੱਚ ਇੱਕ ਮਤਾ ਪਾਇਆ ਗਿਆ ਹੈ। ਵਿਦਿਆਰਥੀਆਂ ਦੇ ਹੱਕ ਵਿੱਚ ਇਮੀਗ੍ਰੇਸ਼ਨ ਸਟੈਂਡਿੰਗ ਕਮੇਟੀ ਅੱਗੇ ਆਈ ਹੈ ਅਤੇ ਵਿਦਿਆਰਥੀਆਂ ਨੂੰ PR ਦੇਣ ਦੀ ਮੰਗ ਕੀਤੀ ਗਈ ਹੈ। MP ਜੈਨੀਕੁਆਇਰ ਨੇ ਮਤਾ ਪੇਸ਼ ਕਰਦੇ ਹੋਏ ਕਿਹਾ ਵਿਦਿਆਰਥੀ ਪੀੜਤ ਹਨ ਉਨ੍ਹਾਂ ਨੂੰ ਸਜ਼ਾ ਨਹੀ ਮਿਲਣੀ ਚਾਹੀਦੀ ਹੈ। ਇਸ ਮਤੇ ਦੇ ਨਾਲ ਡਿਪੋਰਟੇਸ਼ਨ ਰੁਕੇਗੀ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ । ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ ਸਾਡਾ ਮਕਸਦ ਪੀੜਤ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਨਹੀਂ ਹੈ,ਅਸੀਂ ਮਾਮਲੇ ਦੀ ਤੈਅ ਤੱਕ ਪਹੁੰਚ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਵਿਦਿਆਰਥੀਆਂ ਨਾਲ ਹੋਈ ਧੋਖੇਧੜੀ ਤੋਂ ਜਾਣੂ ਹਾਂ । ਪੀੜਤ ਵਿਦਿਆਰੀਆਂ ਨੂੰ ਪੱਖ ਰੱਖਣ ਦਾ ਮੌਕਾ ਦੇਵਾਂਗੇ,ਕੈਨੇਡਾ ਦੀ ਪਾਰਲੀਮੈਂਟ ਵਿੱਚ NDP ਦੇ ਆਗੂ ਜਗਮੀਤ ਸਿੰਘ ਨੇ ਇਹ ਮੁੱਦਾ ਚੁੱਕਿਆ ਸੀ । ਉਧਰ ਭਾਰਤੀ ਵਿਦੇਸ਼ ਮੰਤਰੀ ਨੇ ਵੀ ਇਸ ਦਾ ਸਖਤ ਨੋਟਿਸ ਲਿਆ ਹੈ ।
ਵਿਦੇਸ਼ ਮੰਤਰੀ ਦਾ ਸਖਤ ਬਿਆਨ
ਕੈਨੇਡਾ ਵਿੱਚ ਵਿਦਿਆਰਥੀਆਂ ਦੇ ਮਸਲੇ ਨੂੰ ਲੈਕੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਸਾਡੇ ਸਫੀਰ ਵੇਖ ਰਹੇ ਹਨ । ਸਾਡੇ ਵਿਦਿਆਰਥੀਆਂ ਨੇ ਭਰੋਸੇ ਨਾਲ ਕਾਲਜਾਂ ਵਿੱਚ ਦਾਖਲਾ ਲਿਆ ਇਸ ਲਈ ਉਹ ਕਿਵੇ ਗੁਨਾਹਗਾਰ ਹੋ ਸਕਦੇ ਹਨ ? ਜਦਕਿ ਜਿੰਨਾਂ ਨੇ ਅਜਿਹਾ ਕੀਤਾ ਉਹ ਦੋਸ਼ੀ ਹਨ। ਇਸ ਲਈ ਵਿਦਿਆਰਥੀਆਂ ਨੂੰ ਦੋਸ਼ੀ ਮੰਨ ਕੇ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਗਲਤ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਡੇ ਨਾਲ ਸੰਪਰਕ ਕੀਤਾ ਹੈ ਅਸੀਂ ਉਮੀਦ ਕਰਦੇ ਹਾਂ ਇਸ ਦਾ ਹੱਲ ਵਿਦਿਆਰਥੀਆਂ ਦੇ ਹੱਕ ਵਿੱਚ ਨਿਕਲੇਗਾ ।