India

ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, PM ਮੋਦੀ ਨੇ ਆਉਂਦਿਆਂ ਹੀ ਕੀਤਾ ਵਿਰੋਧੀਆਂ ਨੂੰ ਚੈਲੇਂਜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੰਸਦ ਦਾ ਮਾਨਸੂਨ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਨਵੇਂ ਮੈਂਬਰਾਂ ਨੂੰ ਸਹੂੰ ਚੁਕਾਈ ਗਈ। ਇਸ ਤੋਂ ਬਾਅਦ ਮੋਦੀ ਨੇ ਨਵੇਂ ਮੰਤਰੀਆਂ ਦੀ ਜਾਣਪਹਿਚਾਣ ਕਰਵਾਈ ਤਾਂ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ। ਇਸ ਉੱਤੇ ਮੋਦੀ ਨੇ ਕਿਹਾ ਕੁੱਝ ਲੋਕਾਂ ਨੂੰ ਮਹਿਲਾਵਾਂ, ਦਲਿਤਾਂ ਤੇ ਕਿਸਾਨਾਂ ਦਾ ਮੰਤਰੀ ਬਣਨਾ ਪਸੰਦ ਨਹੀਂ ਹੈ। ਇਸ ਲਈ ਇਹ ਹੰਗਾਮਾ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਮੈਂ ਤਾਂ ਸੋਚ ਰਿਹਾ ਸੀ ਕਿ ਅੱਜ ਦੇ ਸਦਨ ਵਿਚ ਉਤਸਾਹ ਦਾ ਵਾਤਾਵਰਣ ਹੋਵੇਗਾ ਪਰ, ਕੁੱਝ ਲੋਕਾਂ ਨੂੰ ਇਹ ਰਾਸ ਨਹੀਂ ਆਇਆ ਹੈ।
ਇਸ ਮੌਕੇ ਉਨ੍ਹਾਂ ਮੀਡੀਆ ਰਾਹੀਂ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਨਾਲ ਤਿੱਖੇ ਤੋਂ ਤਿੱਖੇ ਸਵਾਲ ਪੁੱਛੋ, ਪਰ ਸ਼ਾਂਤ ਵਾਤਾਵਰਣ ਨਾਲ ਸਰਕਾਰ ਨੂੰ ਜਾਣਕਾਰੀ ਦੇਣ ਦਿਓ।ਦੇਸ਼ ਦੀ ਜਨਤਾ ਜੋ ਜਵਾਬ ਚਾਹੁੰਦੀ ਹੈ, ਸਰਕਾਰ ਉਹ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾਂ ਕਿ ਤੁਸੀਂ ਸਾਰਿਆਂ ਨੇ ਵੈਕਸੀਨ ਦਾ ਇੱਕ ਡੋਜ ਲਗਵਾ ਲਿਆ ਹੋਵੇਗਾ, ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਦਨ ਵਿਚ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨ ਵਿਚ ਸਹਿਯੋਗ ਦਿੱਤਾ ਜਾਵੇ। ਇਹ ਵੈਸਕੀਨ ਬਾਂਹ ‘ਤੇ ਲੱਗਦੀ ਹੈ ਤੇ ਜਦੋਂ ਵੈਕਸੀਨ ਬਾਂਹ ਉੱਤੇ ਲੱਗਦੀ ਹੈ ਤਾਂ ਤੁਸੀਂ ਬਾਹੁਬਲੀ ਬਣ ਜਾਂਦੇ ਹੋ। ਉਨ੍ਹਾਂ ਕਿਹਾ ਕਿ ਹੁਣ ਤੱਕ 40 ਕਰੋੜ ਲੋਕ ਬਾਹੁਬਲੀ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮਹਾਂਮਾਰੀ ਸਣੇ ਸਾਰੇ ਹੀ ਚੰਗੇ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇ।

ਜਾਣਕਾਰੀ ਅਨੁਸਾਰ ਇਸ ਮਾਨਸੂਨ ਸੈਸ਼ਨ ਵਿੱਚ 31 ਬਿੱਲ ਪੇਸ਼ ਹੋ ਸਕਦੇ ਹਨ। ਇਹ ਸੈਸ਼ਨ 13 ਅਗਸਤ ਤੱਕ ਚੱਲਣਾ ਹੈ। ਕਾਂਗਰਸ ਦੇ ਮਨੀਸ਼ ਤਿਵਾੜੀ ਲੋਕਸਭਾ ਵਿਚ ਕਿਸਾਨ ਕਾਨੂੰਨ ਦੇ ਖਿਲਾਫ ਇਸਨੂੰ ਰੱਦ ਕਰਨ ਦਾ ਪ੍ਰਸਤਾਵ ਪੇਸ਼ ਕਰਨਗੇ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਸੈਸ਼ਨ ਹੰਗਾਮੇ ਦੀ ਭੇਂਟ ਨਾ ਚੜ੍ਹੇ। ਹਾਲਾਂਕਿ ਇਸ ਤੋਂ ਇਲ਼ਾਵਾ 20 ਜੁਲਾਈ ਯਾਨੀ ਕਿ ਕੱਲ੍ਹ ਪ੍ਰਧਾਨ ਮੰਤਰੀ ਕੋਰੋਨਾ ਉੱਤੇ ਬੋਲਣਗੇ।


ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਵੀ ਸਰਕਾਰ ਨੂੰ ਇਸ ਸੈਸ਼ਨ ਵਿੱਚ ਘੇਰਨ ਦਾ ਪੂਰਾ ਪਲਾਨ ਬਣਾਇਆ ਹੈ। ਸੰਸਦ ਮੈਂਬਰਾਂ ਨੂੰ ਵਿਪ ਵੀ ਦਿੱਤਾ ਗਿਆ ਹੈ ਕਿ ਉਹ ਸਦਨ ਵਿੱਚ ਖੇਤੀ ਕਾਨੂੰਨਾਂ ਦੀ ਗੱਲ ਕਰਨ ਅਤੇ ਇਨ੍ਹਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਉੱਤੇ ਦਬਾਅ ਬਣਾਉਣ। ਉੱਧਰ ਦਿੱਲੀ ਪੁਲਿਸ ਨੇ 7 ਮੈਟਰੋ ਸਟੇਸ਼ਨ ਬੰਦ ਰੱਖਣ ਦਾ ਐਲਾਨ ਕੀਤਾ ਹੈ।