ਬਿਊਰੋ ਰਿਪੋਰਟ : ਕੋਟਕਪੂਰਾ ਗੋਲੀਕਾਂਡ ਵਿੱਚ ਗ੍ਰਿਫਤਾਰੀ ਤੋਂ ਬਚਨ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਅਦਾਲਤ ਦਾ ਰੁਖ ਕੀਤਾ ਹੈ । ਦੋਵਾਂ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਅਦਾਲਤ ਵਿੱਚ ਦਾਖਲ ਕੀਤੀ ਹੈ ਜਿਸ ਦੀ ਸੁਣਵਾਈ 14 ਮਾਰਚ ਨੂੰ ਹੋਵੇਗੀ । ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀਕਾਂਡ ਵਿੱਚ SIT ਨੇ ਚਾਰਜਸ਼ੀਟ ਫਾਈਲ ਕੀਤੀ ਸੀ ਜਿਸ ਤੋਂ ਬਾਅਦ ਫਰੀਦਕੋਟ ਅਦਾਲਤ ਨੇ 23 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਬਾਦਲ ਸਾਬਕਾ ਡੀਜੀਪੀ ਸੁਮੇਧ ਸੈਣੀ,ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ,ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ ।
ਕੋਟਕਪੂਰਾ ਦੀ ਚਾਰਜਸ਼ੀਟ ਵਿੱਚ ਕਿਸ-ਕਿਸ ਦਾ ਨਾਂ ?
24 ਫਵਰਰੀ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ । ਐਸਆਈਟੀ ਨੇ ਫਰੀਦਕੋਟ ਦੀ ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਸੀ। ਚਲਾਨ ‘ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ,ਸਾਬਕਾ ਡੀਜੀਪੀ ਸੁਮੇਧ ਸੈਣੀ,ਆਈਜੀ ਪਰਮਰਾਜ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਤੇ ਹੋਰ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। 7000 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਧਾਰਾ 307,153,119,109,120 ਸਣੇ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਐਲ ਕੇ ਯਾਦਵ ਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ SIT ਨੇ ਕੋਟਕਪੂਰਾ ਮਾਮਲੇ ਦੀ ਜਾਂਚ ਕੀਤੀ ਸੀ । ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ।
ਕੁੰਵਰ ਵਿਜੇ ਪ੍ਰਤਾਪ ਨੇ ਚਾਰਜਸ਼ੀਟ ‘ਤੇ ਚੁੱਕੇ ਸਨ ਸਵਾਲ
ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਸਾਬਕਾ SIT ਦੇ ਮੈਂਬਰ ਅਤੇ ਮੌਜੂਦੀ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਨਵੀਂ SIT ਦੀ ਚਾਰਜਸ਼ੀਟ ‘ਤੇ ਸਵਾਲ ਚੁੱਕੇ ਸਨ । ਉਨ੍ਹਾਂ ਕਿਹਾ ਸੀ ਕਿ ‘ਇਹ ਸਿਰਫ Eyewash ਹੈ ਯਾਨੀ ਖਾਨਾਪੂਰਤੀ ਹੈ । ਮੈਂ 4 ਮਹੀਨੇ ਪਹਿਲਾਂ ਹੀ ਬਰਗਾੜੀ ਮੋਰਚੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਇਹ ਫਰੈਂਡਲੀ ਚਲਾਨ ਦੇਣਗੇ,ਦੋਸ਼ੀ ਪਰਿਵਾਰ ਨੂੰ ਬਰੀ ਕਰਵਾਉਣ ਦੇ ਲਈ, ਅਦਾਲਤ ਵਿੱਚ ਕੇਸ ਜਾਵੇਗਾ, 2 ਤੋਂ 4 ਤਰੀਕਾਂ ਦੇ ਅੰਦਰ ਕੇਸ ਖ਼ਤਮ ਹੋ ਜਾਵੇਗਾ,ਦੋਸ਼ੀ ਪਰਿਵਾਰ ਕਏਗਾ ਅਸੀਂ ਨਿਰਦੋਸ਼ ਸਾਬਿਤ ਹੋ ਗਏ ਹਾਂ,ਹੋਣਾ ਇਹ ਹੀ ਹੈ ਤੁਸੀਂ ਵੀ ਇਸ ਤੋਂ ਜ਼ਿਆਦਾ ਉਮੀਦ ਨਾ ਰੱਖੋ,ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹੀ ਹਾਂ’ ।