Punjab

ਆਮ ਆਦਮੀ ਕਲੀਨਿਕਾਂ ‘ਚ ਟੈਸਟਾਂ ਨੂੰ ਲੈ ਕੇ ਪ੍ਰਗਟ ਸਿੰਘ ਨੇ ਮਾਨ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ

‘ਦ ਖ਼ਾਲਸ ਬਿਊਰੋ : ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ 100 ਟੈਸਟ ਬੋਲ ਰਹੇ ਹਨ, ਪਰ ਇਹ ਝੂਠ ਨਿਕਲਿਆ ਹੈ। ਸਿਰਫ 41 ਟੈਸਟਾਂ ਦੀ ਲਿਸਟ ਹੈ, ਜਿਸ ਵਿਚੋਂ ਇਕ ਵੀ ਟੈਸਟ ਨਹੀਂ ਹੋ ਰਿਹਾ ਹੈ। ਮਰੀਜ਼ਾਂ ਨੂੰ ਬੁਖਾਰ ਚੈਕ ਅਤੇ ਲੈਬ ਟੈਸਟ ਨਿੱਜੀ ਲੈਬ ਤੋਂ ਕਰਵਾਉਣ ਲਈ ਕਿਹਾ ਜਾ ਰਹਾ ਹੈ।

 

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ  -ਪੰਜਾਬ ਦੇ ਮੁਹੱਲਾ ਕਲੀਨਿਕ ਦੇ ਢੋਂਗ ਤੋਂ ਅਗਲੇ ਦਿਨ ਹੀ ਪਰਦਾ ਉਠ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ   ਜੀ 100 ਟੈਸਟਾਂ ਦੀ ਗੱਲ ਕਰ ਰਹੇ ਸਨ ਪਰ ਇਹ ਝੂਠ ਨਿਕਲਿਆ, ਸਿਰਫ 41 ਟੈਸਟਾਂ ਦੀ ਸੂਚੀ ਹੈ ਜਿਨ੍ਹਾਂ ਵਿੱਚੋਂ ਇੱਕ ਵੀ ਨਹੀਂ ਹੋ ਰਿਹਾ। ਇਕ ਅਖਬਾਰ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਪਰਗਟ ਸਿੰਘ ਨੇ ਪੰਜਾਬ ਸਰਕਾਰ  ‘ਤੇ ਹਮਲਾ ਬੋਲਿਆ ਹੈ ਜਿਸ ‘ਚ ਇਹ ਵੀ ਲਿਖਿਆ ਗਿਆ ਹੈ ਕਿ ਸੰਗਰੂਰ  ‘ਚ ਖੋਲ੍ਹੇ ਗਏ ਇਹਨਾਂ ਮੁਹੱਲਾ ਕਲੀਨਿਕਾਂ ‘ਚੋਂ ਕਈਆਂ  ‘ਚ ਮਰੀਜ਼ਾਂ ਦਾ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਤੱਕ ਨਹੀਂ। ਮਰੀਜ਼ਾਂ ਦੇ ਬੁਖਾਰ ਦੀ ਜਾਂਚ ਅਤੇ ਲੈਬ ਟੈਸਟ ਪ੍ਰਾਈਵੇਟ ਲੈਬਾਂ ਤੋਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਬਸ ਫੋਟੋ ਖਿਚਾਓ ਤੇ ਕੰਮ ਖਤਮ।

ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸੰਗਰੂਰ ਦੇ ਚਾਰ ਮੁਹੱਲਾ ਕਲੀਨਿਕਾਂ ‘ਚ ਇੱਕ ਵੀ ਟੈਸਟ ਨਹੀਂ ਹੋ ਰਿਹਾ ਬਲਕਿ ਮਰੀਜ਼ਾਂ ਨੂੰ ਬਾਹਰ ਤੋਂ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਇੱਥੇ ਖੋਲ੍ਹੇ ਗਏ ਕਲੀਨਿਕਾਂ ‘ਚੋਂ ਕੁਝ ‘ਚ ਮਰੀਜ਼ਾਂ ਨੂੰ ਚੈੱਕ ਕਰਨ ਲਈ ਥਰਮਾਮੀਟਰ ਤੱਕ ਨਹੀਂ ਹੈ।

ਦੱਸ ਦਈਏ ਕਿ CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ 75 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਹਨ । ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਲਈ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 25 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ, ਜੋ ਲੋਕਾਂ ਦੀ ਸੇਵਾ ਵਿੱਚ ਕੰਮ ਕਰਨਗੇ। ਗੌਰਤਲਬ ਹੈ ਕਿ ਇਨ੍ਹਾਂ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਟੈਸਟ ਦੀ ਸਹੂਲਤ ਉਪਲੱਬਧ ਹੋਵੇਗੀ ਅਤੇ 75 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ।