India Punjab

ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਆਮ ਆਦਮੀ ਕਲੀਨਿਕਾਂ ਦਾ ਦੌਰਾ

‘ਦ ਖ਼ਾਖ਼ਲ ਬਿਊਰੋ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਬਣਾਏ ਗਏ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ। ਉਨ੍ਹਾਂ ਨੇ ਮੋਹਾਲੀ ਦੇ ਫੇਜ਼ 5 ਵਿੱਚ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ । ਇਸ ਸਬੰਧੀ ਮਨੀਸ਼ ਸਿਸੋਦੀਆ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁਹੱਲਾ ਕਲੀਨਿਕ ਅਰਵਿੰਦ ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਹੈ। ਅਰਵਿੰਦ ਕੇਜਰੀਵਾਲ ਜੋ ਕਹਿੰਦੇ ਹਨ ਉਹ ਕਰ ਕੇ ਦਿਖਾਉਂਦੇ ਵੀ ਹਨ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ” ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਪਹਿਲੇ 100 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ। ਇੱਥੇ ਹਰ ਕੋਈ ਵਿਅਕਤੀ ਲਈ ਫ੍ਰੀ ਵਿੱਚ ਇਲਾਜ, ਦਵਾਈਆਂ ਤੇ ਮੈਡੀਕਲ ਟੈਸਟ ਉਪਲਬਧ ਹਨ। ਅੱਜ ਪੰਜਾਬ ਦੇ ਸਿਹਤ ਮੰਤਰੀ ਜੌੜਾਮਾਜਰਾ ਨਾਲ ਇਨ੍ਹਾਂ ਵਿੱਚੋਂ ਇੱਕ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ। ਇਹ ਅਰਵਿੰਦ ਕੇਜਰੀਵਾਲ ਜੀ ਦੀ ਕੰਮ ਦੀ ਰਾਜਨੀਤੀ ਹੈ, ਜੋ ਕਹਿੰਦੇ ਹਨ ਕਰ ਕੇ ਦਿਖਾਉਂਦੇ ਹਨ।”

ਦੱਸ ਦਈਏ ਕਿ CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ 75 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਹਨ । ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਲਈ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 25 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ, ਜੋ ਲੋਕਾਂ ਦੀ ਸੇਵਾ ਵਿੱਚ ਕੰਮ ਕਰਨਗੇ। ਗੌਰਤਲਬ ਹੈ ਕਿ ਇਨ੍ਹਾਂ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਟੈਸਟ ਦੀ ਸਹੂਲਤ ਉਪਲੱਬਧ ਹੋਵੇਗੀ ਅਤੇ 75 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ। ਇਹ ਕਲੀਨਿਕ ਰੋਜ਼ਾਨਾ 8 ਵਜੇ ਤੋਂ 2 ਵਜੇ ਤੱਕ ਖੁੱਲ੍ਹਣਗੇ।

ਆਮ ਆਦਮੀ ਮੁਹੱਲਾ ਕਲੀਨਿਕ ਵਿੱਚ ਮਰੀਜ਼ਾਂ ਦੀ ਸਾਰੀ ਜਾਣਕਾਰੀ ਆਨਲਾਈਨ ਹੋਵੇਗੀ। ਜਦੋਂ ਕੋਈ ਵਿਅਕਤੀ ਇਲਾਜ ਲਈ ਕਲੀਨਿਕਾਂ ‘ਤੇ ਜਾਂਦਾ ਹੈ ਤਾਂ ਉਥੇ ਟੈਬ ਦਿੱਤੇ ਗਏ ਹਨ, ਜਿਸ ਰਾਹੀਂ ਸਿਹਤ ਵਿਭਾਗ ਦੇ ਰਿਕਾਰਡ ‘ਚ ਸਾਰੀ ਜਾਣਕਾਰੀ ਦਰਜ ਹੋਵੇਗੀ। ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ ਨੂੰ ਕਿਹੜੀ ਬਿਮਾਰੀ ਦੀ ਦਵਾਈ ਦੱਸੀ, ਜੇਕਰ ਉਸ ਨੇ ਐਕਸਰੇ ਜਾਂ ਕੋਈ ਟੈਸਟ ਕਰਵਾਉਣਾ ਹੈ ਤਾਂ ਇਹ ਸਾਰੀ ਜਾਣਕਾਰੀ ਵਿਭਾਗ ਕੋਲ ਆਨਲਾਈਨ ਹੋਵੇਗੀ।