ਬਠਿੰਡਾ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ (Sikandar Singh Maluka) ਦੀ ਨੂੰਹ ਪਰਮਪਾਲ ਕੌਰ ਸਿੱਧੂ ਦਾ ਅਸਤੀਫਾ ਪ੍ਰਵਾਨ ਹੋਣ ਦੇ ਚਰਚੇ ਹਨ। ਇਹ ਵੀ ਚਰਚਾ ਚੱਲ ਰਹੀ ਹੈ ਕਿ ਉਹ ਦੁਪਹਿਰ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਪਰਮਪਾਲ ਕੌਰ ਜ਼ਿਲ੍ਹਾ ਪਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਧਰਮ ਪਤਨੀ ਹੈ ਜਿਸ ਨੇ ਕੁੱਝ ਦਿਨ ਪਹਿਲਾਂ ਆਪਣੀ ਆਈਏਐਸ ਅਫਸਰ ਵਜੋਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਜੋ ਅਜੇ ਤੱਕ ਪ੍ਰਵਾਨ ਨਹੀਂ ਹੋਇਆ ਸੀ।
ਦੇਰ ਰਾਤ ਕਿਸੇ ਵੱਡੇ ਕੇਂਦਰੀ ਆਗੂ ਦੇ ਦਖਲ ਦੇਣ ਤੋਂ ਬਾਅਦ ਅਸਤੀਫਾ ਪ੍ਰਵਾਨ ਹੋਇਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਸਿਆਸੀ ਹਲਕਿਆਂ ਵਿੱਚ ਇਸ ਦੀ ਚਰਚਾ ਚੱਲ ਰਹੀ ਹੈ।
ਬਠਿੰਡਾ ਤੋ ਲੜ ਸਕਦੇ ਚੋਣ
ਸਿਆਸੀ ਹਲਕਿਆਂ ਵਿੱਚ ਚਰਚਾ ਚੱਲ ਰਹੀ ਹੈ ਕਿ ਪਰਮਪਾਲ ਕੌਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਕੇ ਬਠਿੰਡਾ ਤੋਂ ਚੋਣ ਲੜ ਸਕਦੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਕੰਦਰ ਸਿੰਘ ਮਲੂਕਾ ਆਪਣੇ ਲਈ ਤੇ ਆਪਣੇ ਬੇਟੇ ਲਈ ਦੋ ਟਿਕਟਾਂ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਹੀ ਟਿਕਟ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਨਾਰਾਜ਼ਗੀ ਵੀ ਸਾਹਮਣੇ ਆਈ ਸੀ। ਇਹ ਵੀ ਚਰਚਾ ਜਾਰੀ ਹੈ ਕਿ ਸਿਕੰਦਰ ਸਿੰਘ ਮਲੂਕਾ ਵੀ ਭਾਜਪਾ ਵਿੱਚ ਜਾ ਸਕਦੇ ਹਨ।