‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਿਹਾਰ ਦੇ ਸਾਰਣ ਵਿੱਚ ਬੀਜੇਪੀ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂੜੀ ਦੇ ਦਫਤਰੋਂ ਮਿਲੀਆਂ ਐਂਬੂਲੈਂਸਾਂ ਦਾ ਮਾਮਲਾ ਤੂਲ ਫੜ ਰਿਹਾ ਹੈ। ਸਾਬਕਾ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਅੱਜ ਡਰਾਇਵਰਾਂ ਦੀ ਟੀਮ ਲੈ ਕੇ ਮੀਡੀਆ ਅੱਗੇ ਆ ਗਏ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 40 ਡਰਾਇਵਰ ਹਨ। ਇਨ੍ਹਾਂ ਸਾਰਿਆਂ ਦਾ ਨਾਂ ਲਿਖ ਕੇ ਸਰਕਾਰ ਨੂੰ ਭੇਜੇ ਜਾਣਗੇ। ਕਈ ਐਂਬੂਲੈਂਸ ਅੱਜ ਛੱਪਰਾ ਲਈ ਰਵਾਨਾ ਹੋਣਗੀਆਂ ਤੇ ਇਸਦਾ ਸਾਰਾ ਖਰਚਾ ਪੱਪੂ ਯਾਦਵ ਚੁੱਕਣਗੇ। ਜ਼ਿਕਰਯੋਗ ਹੈ ਕਿ ਬੀਜੇਪੀ ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂ਼ਡੀ ਦੇ ਘਰ ਕਈ ਐਂਬੂਲੈਂਸ ਕੱਪੜੇ ਨਾਲ ਢਕੀਆਂ ਖੜ੍ਹੀਆਂ ਮਿਲੀਆਂ ਸਨ। ਇਸਦਾ ਵੀਡਿਓ ਸਾਹਮਣੇ ਆਇਆ ਤਾਂ ਰੂੜੀ ਨੇ ਪੱਪੂ ਯਾਦਵ ਨੂੰ ਡਰਾਇਵਰ ਲੈ ਕੇ ਆਉਣ ਦੀ ਚੁਣੌਤੀ ਦਿੱਤੀ ਸੀ। ਇਸਦੇ ਜਵਾਬ ਵਿਚ ਪੱਪੂ ਯਾਦਵ ਆਪਣੀ ਪੂਰੀ ਟੀਮ ਨਾਲ ਪਹੁੰਚ ਗਏ ਤੇ ਦਾਅਵਾ ਕੀਤਾ ਕਿ ਇਹ 40 ਡਰਾਇਵਰ ਐਂਬੂਲੈਂਸ ਚਲਾਉਣ ਲਈ ਤਿਆਰ ਹਨ।
ਉੱਧਰ ਰੂੜੀ ਨੇ ਦੋਸ਼ ਲਾਇਆ ਕਿ ਇਹ ਪੱਪੂ ਯਾਦਵ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਕਾਫਿਲੇ ਨੂੰ ਲੈ ਕਿ ਅਮਨੌਰ ਪਹੁੰਚੇ ਹਨ। ਉਨ੍ਹਾਂ ਨੇ ਜਬਰਦਸਤੀ ਪੰਚਾਇਤਾਂ ਵਲੋਂ ਡਰਾਇਵਰਾਂ ਦੀ ਘਾਟ ਕਾਰਨ ਵਾਪਸ ਕੀਤੀਆਂ ਐਂਬੂਲੈਂਸਾਂ ਨਾਲ ਫੋਟੋਆਂ ਖਿਚਵਾਈਆਂ। ਪੱਪੂ ਯਾਦਵ ਨੇ ਕਿਹਾ ਕਿ ਮੈਂ ਇਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ, ਲੋਕਾਂ ਦੀ ਜਿੰਦਗੀ ਬਚਾਉਣ ਲਈ ਸੇਵਾ ਕਰਦਾ ਹਾਂ।
ਦੱਸ ਦਈਏ ਕਿ ਬਿਹਰ ਵਿਚ ਪਿਛਲੇ 24 ਘੰਟਿਆਂ ਵਿਚ 62 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਤੇ 13 ਹਜ਼ਾਰ 466 ਨਵੇਂ ਕੋਰੋਨਾ ਕੇਸ ਆਏ ਹਨ।