India International Punjab

ਪਾਕਿਸਤਾਨੀ ਮਾਡਲ ਨੇ ਸਿੱਖ ਜਗਤ ਤੋਂ ਮੰਗੀ ਮੁਆਫੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਤੇ ਦਿਨੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇੱਕ ਪਾਕਿਸਤਾਨੀ ਮਾਡਲ ਵੱਲੋਂ ਕੁੱਝ ਤਸਵੀਰਾਂ ਖਿਚਵਾਈਆਂ ਗਈਆਂ ਸਨ, ਜਿਸ ਦਾ ਸਿੱਖ ਭਾਈਚਾਰੇ ਨੇ ਬਹੁਤ ਵਿਰੋਧ ਕੀਤਾ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਵਾਲਾ ਲਾਲਾ ਨਾਂ ਦੀ ਇਸ ਪਾਕਿਸਤਾਨੀ ਮਾਡਲ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ। ਆਪਣੀਆਂ ਤਸਵੀਰਾਂ ਹਟਵਾਉਣ ਤੋਂ ਬਾਅਦ ਮਾਡਲ ਲਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ। ਜੇਕਰ ਉਸ ਦੀ ਫੋਟੋ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।

ਲਾਹੌਰ ਦੀ ਮਾਡਲ ਸਵਾਲਾ ਲਾਲਾ ਨੇ ਕਿਹਾ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਮੈਂ ਉੱਥੇ ਲੋਕਾਂ ਨੂੰ ਫੋਟੋਆਂ ਖਿਚਵਾਉਂਦੇ ਦੇਖਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਸਨ, ਇਸ ਲਈ ਮੈਂ ਵੀ ਫੋਟੋ ਖਿੱਚਵਾ ਲਈਆਂ। ਇਹ ਤਸਵੀਰਾਂ ਵੀ ਉਸ ਥਾਂ ਦੀਆਂ ਨਹੀਂ ਹਨ, ਜਿੱਥੇ ਲੋਕ ਮੱਥਾ ਟੇਕਦੇ ਹਨ। ਉਸ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਦਾ ਖਿਆਲ ਰੱਖੇਗੀ।

ਇਸ ਮਾਮਲੇ ‘ਚ ਸਟੋਰ ਮੰਨਤ ਕਲੌਥਿੰਗ ‘ਤੇ ਮਾਡਲ ਸਵਾਲਾ ਲਾਲਾ ਦਾ ਕਹਿਣਾ ਹੈ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਹਾਲਾਂਕਿ, ਮੰਨਤ ਕਲੋਥਿੰਗ ਨੇ ਬਾਅਦ ਵਿੱਚ ਮਾਡਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ 50% ਤੱਕ ਦੀ ਛੋਟ ਦੇ ਲੇਬਲ ਨਾਲ ਪੋਸਟ ਕੀਤਾ। ਇਸ ਦੇ ਨਾਲ ਹੀ ਦੂਸਰਿਆਂ ਨੂੰ ਦੇਖ ਕੇ ਫੋਟੋ ਖਿਚਵਾਉਣ ਤੋਂ ਬਾਅਦ ਵਾਲੀ ਮਾਡਲ ਦੀ ਗੱਲ ਨੂੰ ਝੂਠ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਸਨੇ ਸਿਰ ਢੱਕ ਕੇ ਸੱਭਿਅਕ ਤਰੀਕੇ ਨਾਲ ਫੋਟੋ ਖਿਚਵਾਉਣੀ ਸੀ ਨਾ ਕਿ ਮਾਡਲਿੰਗ।

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਖੇ ਪਾਕਿ ਮਾਡਲ ਦੇ ਫੋਟੋਸ਼ੂਟ ‘ਤੇ ਪੋਸਟ ਕੀਤੇ ਗਏ ਮੰਨਤ ਕੱਪੜੇ ਸਟੋਰ ਦੇ ਪੇਜ ਨੂੰ ਡੀ-ਐਕਟੀਵੇਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਸਟੋਰ ਦਾ ਯੂਐੱਸਏ ਪੇਜ ਮੰਨਤ ਯੂਐੱਸਏ ਨਾਮ ਨਾਲ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸਟੋਰ ਨੇ ਇਨ੍ਹਾਂ ਤਸਵੀਰਾਂ ਨੂੰ ਹਟਾ ਦਿੱਤਾ ਸੀ।

ਮਾਡਲ ਦੇ ਫੋਟੋਸ਼ੂਟ ਦਾ ਪਤਾ ਲੱਗਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਸਾਬਕਾ ਪ੍ਰਧਾਨ ਮਨਜਿੰਦਰ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਇੱਕ ਮੰਤਰੀ ਨੇ ਤੁਰੰਤ ਸਟੋਰ ਅਤੇ ਮਾਡਲ ਨੂੰ ਤਾੜਨਾ ਕੀਤੀ ਅਤੇ ਮੁਆਫੀ ਮੰਗਣ ਲਈ ਕਿਹਾ। ਹਾਲਾਂਕਿ, ਦਿੱਲੀ ਕਮੇਟੀ ਨੇ ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਪਾਕਿ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਦਬਾਅ ਬਣਾਇਆ ਜਾਵੇ ਕਿ ਸ੍ਰੀ ਕਰਤਾਰਪੁਰ ਸਾਹਿਬ ਪਿਕਨਿਕ ਸਪਾਟ ਨਾ ਬਣੇ।