‘ਦ ਖ਼ਾਲਸ ਬਿਊਰੋ:- ਪਾਕਿਸਤਾਨ ਨੂੰ ਇੱਕ ਵਾਰ ਫਿਰ ਤੋਂ ਆਪਣੇ ਕੀਤੇ ਗਏ ਦਾਅਵੇ ਨੂੰ ਲੈ ਕੇ ਅੰਤਰ-ਰਾਸ਼ਟਰੀ ਮੰਚ ‘ਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਤੋਂ ਅਲੱਗ ਹੋਏ ਪਾਕਿਸਤਾਨ ਨੇ ਆਪਣੀ ਸਥਾਈ ਮਿਸ਼ਨ ਦੀ ਵੈਬਸਾਈਟ ‘ਤੇ ਇੱਕ ਝੂਠਾ ਦਾਅਵਾ ਪੇਸ਼ ਕੀਤਾ ਸੀ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅੱਤਵਾਦ ਦੇ ਮੁੱਦੇ ‘ਤੇ ਭਾਸ਼ਣ ਦਿੱਤਾ ਸੀ, ਜਦਕਿ ਪਾਕਿਸਤਾਨ ਦੇ ਰਾਜਦੂਤ ਨੇ ਪ੍ਰੀਸ਼ਦ ਵਿੱਚ ਅੱਤਵਾਦ ਮੁੱਦੇ ‘ਤੇ ਕੋਈ ਭਾਸ਼ਣ ਨਹੀਂ ਦਿੱਤਾ ਸੀ।
24 ਅਗਸਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੋਈ ਆਨਲਾਈਨ ਮੀਟਿੰਗ ਵਿੱਚ ਪਾਕਿਸਤਾਨ ਬੁਲਾਰਿਆਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਸੀ ਅਤੇ ਨਾ ਹੀ ਪ੍ਰੀਸ਼ਦ ਦੀ ਬੈਠਕ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਮੁਨੀਰ ਅਕਰਮ ਸ਼ਾਮਿਲ ਸੀ।
ਜਾਣਕਾਰੀ ਮੁਤਾਬਿਕ ਮੁਨੀਰ ਅਕਰਮ ਦੇ ਬਿਆਨ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ‘ਤਹਿਰੀਕ-ਏ-ਇਨਸਾਫ ਤਾਲਿਬਾਨ ਪਾਕਿਸਤਾਨ ਅਤੇ ਜਮਾਤ-ਉਲ-ਅਹਰਾਰ ਨੂੰ ਭਾਰਤੀ ਅੱਤਵਾਦੀ ਸਿੰਡੀਕੇਟ ਦੀ ਹਮਾਇਤ ਹੈ ਅਤੇ ਭਾਰਤ ਨੇ ‘ਭਾੜੇ ਦੇ ਕੱਟੜਪੰਥੀਆਂ’ ਦਾ ਸਮਰਥਨ ਕੀਤਾ ਹੈ’। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਹ ਬਿਆਨ ਮੁਨੀਰ ਅਕਰਮ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੂੰ ਦਿੱਤਾ ਹੈ।
ਪਰ ਭਾਰਤ ਨੇ ਸਵਾਲ ਉਠਾਇਆ ਹੈ ਕਿ ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਨੇ ਆਪਣਾ ਇਹ ਬਿਆਨ ਕਿੱਥੇ ਦਿੱਤਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਗੈਰ-ਮੈਂਬਰ ਦੇਸ਼ਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਅਤੇ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਹਿੱਸਾ ਨਹੀਂ ਹੈ।
ਭਾਰਤ ਨੇ ਇਸ ਸੰਬੰਧ ਵਿੱਚ ਰਸਮੀ ਤੌਰ ‘ਤੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਪਾਕਿਸਤਾਨ ਦੇ ਝੂਠੇ ਦਾਅਵਿਆਂ ਬਾਰੇ ਆਪਣੀ ਗੱਲ ਰੱਖੀ ਹੈ।