ਚੰਡੀਗੜ੍ਹ : ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਪੀ.ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸੁਰੱਖਿਆ ਦੇ ਲਈ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਦੀ ਗੱਲ ਸ਼ੁਰੂ ਹੋ ਗਈ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ ਬਣਾਉਣ ਅਤੇ ਇਸ ਦੀ ਪਾਲਣਾ ਨਾ ਕਰਨ ‘ਤੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਕ ਅੰਕੜੇ ਮੁਤਾਬਕ ਦੇਸ਼ ਵਿੱਚ ਕੁੱਲ ਸੜਕ ਹਾਦਸਿਆਂ ਦਾ 72 ਫੀਸਦੀ ਕਾਰਨ ਓਵਰ ਸਪੀਡਿੰਗ ਹੈ ਅਤੇ ਸਭ ਤੋਂ ਵੱਧ ਜਾਨਾਂ ਵੀ ਚਲੀਆਂ ਜਾਂਦੀਆਂ ਹਨ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੀ ਰਿਪੋਰਟ ਦੇ ਅਨੁਸਾਰ ਸਾਲ 2020 ਵਿੱਚ ਦੇਸ਼ ਵਿੱਚ ਕੁੱਲ 3.66 ਲੱਖ ਸੜਕ ਹਾਦਸੇ ਹੋਏ ਹਨ। ਇਨ੍ਹਾਂ ‘ਚ 1.31 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.48 ਲੱਖ ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਇਹ ਅੰਕੜਾ ਸਾਲ 2019 ਦੇ ਮੁਕਾਬਲੇ 18 ਫੀਸਦੀ ਘੱਟ ਹੈ, ਯਾਨਿ ਸੜਕ ਹਾਦਸਿਆਂ ਵਿੱਚ ਕਮੀ ਆਈ ਹੈ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਓਵਰ ਸਪੀਡ ਕਾਰਨ ਹੋਏ ਹਨ। ਰਿਪੋਰਟ ਮੁਤਾਬਕ 72 ਫੀਸਦੀ ਹਾਦਸਿਆਂ ਦਾ ਕਾਰਨ ਓਵਰ ਸਪੀਡਿੰਗ ਹੈ। ਦੇਸ਼ ਵਿੱਚ ਐਕਸਪ੍ਰੈਸਵੇਅ ‘ਤੇ 100 ਕਿਲੋਮੀਟਰ ਪ੍ਰਤੀ ਘੰਟਾ ਅਤੇ ਹੋਰ ਰਾਜਮਾਰਗਾਂ ‘ਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੈਅ ਕੀਤੀ ਗਈ ਹੈ। ਪਰ ਸਾਰੇ ਡਰਾਈਵਰ ਨਿਰਧਾਰਿਤ ਸਪੀਡ ਤੋਂ ਤੇਜ਼ ਗੱਡੀ ਚਲਾਉਂਦੇ ਹਨ, ਜਿਸ ਕਾਰਨ ਸੜਕ ਹਾਦਸੇ ਵਾਪਰਦੇ ਹਨ।

ਰਿਪੋਰਟ ਮੁਤਾਬਕ ਸਾਲ 2020 ‘ਚ ਦੇਸ਼ ਭਰ ‘ਚ ਤੇਜ਼ ਰਫਤਾਰ ਕਾਰਨ 2.65 ਲੱਖ ਹਾਦਸੇ ਹੋਏ ਹਨ, ਜਿਨ੍ਹਾਂ ‘ਚ 912309 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 255663 ਲੋਕ ਜ਼ਖਮੀ ਹੋਏ ਹਨ।
ਓਵਰ ਸਪੀਡ ਤੋਂ ਬਾਅਦ, ਦੂਜਾ ਕਾਰਨ ਗਲਤ ਲੇਨ ਜਾਂ ਦਿਸ਼ਾ ਵਿੱਚ ਗੱਡੀ ਚਲਾਉਣਾ ਹੈ। ਕੁੱਲ ਹਾਦਸਿਆਂ ਦਾ 5.5 ਫੀਸਦੀ ਕਾਰਨ ਗਲਤ ਲੇਨ ‘ਚ ਡਰਾਈਵਿੰਗ ਹੈ, ਯਾਨਿ 20.20 ਹਜ਼ਾਰ ਹਾਦਸਿਆਂ ‘ਚ 7332 ਲੋਕਾਂ ਦੀ ਮੌਤ ਅਤੇ 19481 ਲੋਕ ਜ਼ਖਮੀ ਹੋਏ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਹਾਦਸਿਆਂ ਦਾ ਇੱਕ ਕਾਰਨ ਹੈ। ਨਸ਼ਾ 2.3 ਫ਼ੀਸਦੀ ਭਾਵ 8355 ਸੜਕ ਹਾਦਸਿਆਂ ਦਾ ਕਾਰਨ ਹੈ, ਜਿਨ੍ਹਾਂ ਵਿੱਚ 3322 ਮੌਤਾਂ ਹੋਈਆਂ ਅਤੇ 7845 ਲੋਕ ਜ਼ਖ਼ਮੀ ਹੋਏ। ਲਾਲ ਬੱਤੀ ਦੀ ਉਲੰਘਣਾ ਕਾਰਨ ਹੋਏ 2721 ਹਾਦਸਿਆਂ ‘ਚ 864 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 2917 ਲੋਕਾਂ ਦੀ ਮੌਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਕਰਕੇ ਹੋਈ ਹੈ। ਹੋਰ ਕਾਰਨਾਂ ਕਰਕੇ 62738 ਸੜਕ ਹਾਦਸਿਆਂ ਵਿੱਚ 26040 ਲੋਕ ਆਪਣੀ ਜਾਨ ਗੁਆ ਚੁੱਕੇ ਹਨ।