Punjab

ਸੁੱਚਾ ਸਿੰਘ ਲੰਗਾਹ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਦਾ ਵਿਰੋਧ , ਕਹੀਆਂ ਜਾ ਰਹੀਆਂ ਇਹ ਗੱਲਾਂ

Opposition to the decision of the Jathedar of Shri Akal Takht Sahib on Sucha Singh Langah, these things are being said

‘ਦ ਖ਼ਾਲਸ ਬਿਊਰੋ :  ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਾਬਕਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਕਰਨਾ ਅਤੇ ਉਸ ਦੀ ਪੰਥ ਚ ਵਾਪਸੀ ਨੂੰ ਲੈ ਕੇ ਵਿਰੋਧ ਹੋਣ ਸ਼ੁਰੂ ਹੋ ਗਿਆ ਹੈ । ਇਸ ਫੈਸਲੇ ਦੇ ਖਿਲਾਫ਼ ਸਭ ਤੋਂ ਪਹਿਲਾਂ ਅਕਾਲੀ ਦਲ ਲੀਡਰ ਵਿਰਸਾ ਸਿੰਘ ਵਲਟੋਹਾ ਵੱਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੇਰੇ ਵਰਗੇ ਨਿਮਾਣੇ ਜਿਹੇ ਸਿੱਖ ਦੀ ਰੂਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕਰਨ ਦੇ ਇਸ ਕਦਰ ਕੀਤੇ ਫੈਸਲੇ ਨੂੰ ਸਵੀਕਾਰ ਕਰਨ ਲਈ ਕਦਾਚਿਤ ਵੀ ਤਿਆਰ ਨਹੀਂ ਹੋ ਰਹੀ।

ਭਾਵੇਂ ਲੰਗਾਹ ਬਾਰੇ ਫੈਸਲਾ ਲੈਣਾ ਜਥੇਦਾਰ ਸਾਹਿਬ ਦਾ ਅਧਿਕਾਰ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਜੇ ਜਥੇਦਾਰ ਸਾਹਿਬ ਲੰਗਾਹ ਦੀ ਪੰਥ ਵਿੱਚ ਵਾਪਸੀ ਦਾ ਫੈਸਲਾ ਲੈਣਾ ਵੀ ਚਾਹੁੰਦੇ ਸੀ ਤਾਂ ਇਹ ਉਨਾਂ ਦਾ ਅਧਿਕਾਰ ਹੋ ਸਕਦਾ ਹੈ ਪਰ ਜਥੇਦਾਰ ਸਾਹਿਬ ਵੱਲੋਂ ਇਹ ਆਦੇਸ਼ ਕਰਨਾ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਵਿੱਚਰ ਸਕਦਾ ਹੈ ਕਈ ਤਰਾਂ ਦੇ ਸਵਾਲ ਪੈਦਾ ਕਰਦਾ ਹੈ।

ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਆਮ ਸੰਗਤ ਵਿੱਚ ਪਾਏ ਜਾ ਰਹੇ ਪ੍ਰਭਾਵ,ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਜਿਵੇਂ ਇਸ ਮਾਫੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਹੈ।ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾਂ ਹੀ ਕਦੇ ਪਿਛੋਕੜ ਵਿੱਚ ਲੇਣਾ ਦੇਣਾ ਰਿਹਾ ਹੈ।

ਵਲਟੋਹਾ ਨੇ ਕਿਹਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਪਰ ਲੰਗਾਹ ਬਾਰੇ ਜਥੇਦਾਰ ਸਾਹਿਬ ਦਾ ਇਹ ਆਦੇਸ਼ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਵਿੱਚਰ ਸਕਦਾ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਪੰਜ ਸਾਲ ਵਾਸਤੇ ਨਹੀਂ ਲੜ ਸਕਦਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ।

ਜਿੱਥੋਂ ਤੱਕ ਮਰਯਾਦਾ ਸੰਬੰਧੀ ਮੈਨੂੰ ਗਿਆਨ ਹੈ ਉਸ ਅਨੁਸਾਰ ਜਥੇਦਾਰ ਸਾਹਿਬ ਲੰਗਾਹ ਦੀ ਕੇਵਲ ਪੰਥ ਵਿੱਚ ਵਾਪਸੀ ਕਰ ਸਕਦੇ ਹਨ। ਉਨਾਂ ਨੂੰ ਸਿੱਖ ਸਮਾਜ ਵਿੱਚ ਪ੍ਰਵਾਨਗੀ ਦੇ ਸਕਦੇ ਹਨ।ਪਰ ਕਦਾਚਿਤ ਵੀ ਆਪਣੇ ਆਦੇਸ਼ ਵਿੱਚ ਅਜਿਹੀਆਂ ਛੋਟਾਂ ਦਾ ਐਲਾਨ ਨਹੀਂ ਕਰ ਸਕਦੇ।

ਰਾਜਨੀਤਿਕ ਤੌਰ ‘ਤੇ ਥੋੜੀ ਬਹੁਤੀ ਸੋਝੀ ਰੱਖਣ ਕਰਕੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਫੈਸਲੇ ਪਿੱਛੇ ਜਰੂਰ ਉਹ ਤਾਕਤਾਂ ਹਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।ਮੇਰੀ ਜਥੇਦਾਰ ਸਾਹਿਬ ਨੂੰ ਸਨਿਮਰ ਬੇਨਤੀ ਹੈ ਕਿ ਲੰਗਾਹ ਦੀ ਪੰਥ ‘ਚ ਵਾਪਸੀ ਕਰਨਾ ਜਾਂ ਨਾਂ ਕਰਨਾ ਉਨਾਂ ਦਾ ਅਧਿਕਾਰ ਖੇਤਰ ਹੈ ਪਰ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਛੋਟਾਂ ਦੇਣਾ ਉਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।

ਉਨ੍ਹਾਂ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਲੰਗਾਹ ਬਾਰੇ ਰਾਜਨੀਤਿਕ ਖੇਤਰ ਅਤੇ ਧਾਰਮਿਕ ਖੇਤਰ ਵਿੱਚ ਵਿਚਰਨ ਸੰਬੰਧੀ ਦਿੱਤੇ ਆਦੇਸ਼ ‘ਤੇ ਮੁੜ ਵਿਚਾਰ ਕੀਤੀ ਜਾਵੇ।

ਦੂਜੇ ਬੰਨੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ  ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਪੰਥ ਦੇ ਇਸ ਮਹਾਨ ਯੋਧੇ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਸਨੂੰ ਪੰਥ ਵਿੱਚ ਦੁਬਾਰਾ ਸ਼ਾਮਿਲ ਕਰਨ ਤੇ ਮੁਬਾਰਕਾਂ। ਕੌਮ ਨੂੰ ਇਸ ਸਿਰਮੋਰ ਯੋਧੇ ਦੀ ਬਹੁਤ ਜ਼ਰੂਰਤ ਸੀ। ਮੇਰਾ ਸੁਝਾਅ ਹੈ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਅਤੀਤ ਨੂੰ ਦੇਖਦਿਆਂ ਅਤੇ ਉਸ ਦੇ ‘ਮਹਾਨ’ ਕੰਮਾਂ ਲਈ ਕੋਈ ਸਨਮਾਨਿਤ ਉਪਾਧੀ ਵੀ ਦੇ ਦੇਣੀ ਚਾਹੀਦੀ ਹੈ।

ਦੱਸ ਦਈਏ ਕਿ ਲੰਘੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ( Sri Akal Takht Sahib )  ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਾਬਕਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ। ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਰਤਨ ਸਾਫ ਕਰਨ, 21 ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬੈਠ ਕੇ ਪਾਠ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਢਾਡੀ ਸਿੰਘਾਂ ਨੂੰ 21 ਦਿਨ 5100 ਰੁਪਏ ਭੇਟਾ ਕਰਨ ਦੀ ਸਜ਼ਾ ਸੁਣਾਈ ਗਈ ਸੀ।

ਅਕਾਲ ਤਖ਼ਤ ਨੇ ਸੁੱਚਾ ਸਿੰਘ ਲੰਗਾਹ ਨੂੰ ਸੁਣਾਈ ਧਾਰਮਿਕ ਸਜ਼ਾ

ਇਸ ਤੋਂ ਇਲਾਵਾ ਸੁੱਚਾ ਸਿੰਘ ਲੰਗਾਹ ਹੁਣ 5 ਸਾਲ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ। ਗੁਰਬਾਣੀ ਵਿੱਚ ਲਗਾਂ ਮਾਤਰਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਇਕੱਤਰਤਾ ਕਰਕੇ ਦੋਸ਼ੀਆਂ ਨੂੰ ਸਜ਼ਾ ਲਾਈ ਗਈ ਹੈ। ਸਿੰਘ ਸਾਹਿਬਾਨ ਵੱਲੋਂ ਪਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ।