Punjab

ਸਕੂਲਾਂ ਦੀ ਰਿਪੋਰਟ ਨੂੰ ਲੈ ਕੇ ਉਲਝੇ ਸਿਆਸੀ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਫਲਾਪ ਦਿੱਲੀ ਮਾਡਲ ਦੀ ਰੱਟ ਲਗਾਉਣ ਵਾਲੇ ਸਿੱਖਿਆ ਮੰਤਰੀ ਮੀਤ ਹੇਅਰ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹੌਂਸਲਾ ਵਧਾਉਣ ਦੀ ਬਜਾਏ ਉਹ NAS (National Achievement Survey) ਦੀ ਰਿਪੋਰਟ ਨੂੰ ਹੀ ਫਰਜੀ ਆਖ ਰਹੇ ਹਨ। ਇਹ ਰਿਪੋਰਟ CBSE ਦੇ ਨਤੀਜਿਆਂ ਉੱਪਰ ਆਧਾਰਿਤ ਹੈ। ਕੀ ਸਿੱਖਿਆ ਮੰਤਰੀ ਇਹ ਕਹਿਣਾ ਚਾਹੁੰਦੇ ਹਨ ਕਿ CBSE ਦੇ ਨਤੀਜਿਆਂ ਵਿੱਚ ਹੇਰ ਫੇਰ ਹੋਇਆ ਹੈ ?

ਸੁਖਪਾਲ ਸਿੰਘ ਖਹਿਰਾ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਕਿੰਨਾ ਸਫ਼ੈਦ ਝੂਠ ਹੈ ਕਿ ਐੱਨਏਐੱਸ ਰਿਪੋਰਟ ਫਰਜੀ ਹੈ। ਇਹ ਰਿਪੋਰਟ ਸੀਬੀਐੱਸਈ ਵਿਦਿਆਰਥੀਆਂ ਦੀ ਯੋਗਤਾ ਅਤੇ ਪ੍ਰਦਰਸ਼ਨ ਦੇ ਨਤੀਜਿਆਂ ਉੱਤੇ ਆਧਾਰਿਤ ਹੈ। ਇਹ ਕਿਸੇ ਏਜੰਸੀ ਦੁਆਰਾ ਮੁਲਾਂਕਣ ਨਹੀਂ ਹੈ। ਸਿੱਖਿਆ ਮੰਤਰੀ ਦਾ ਇਹ ਬੇਵਕੂਫ਼ੀ ਵਾਲਾ ਬਿਆਨ ਸੀਬੀਐੱਸਈ ਨਤੀਜਿਆਂ ਉੱਤੇ ਸ਼ੱਕ ਕਰਨ ਦੇ ਬਰਾਬਰ ਹੈ। ਉਨ੍ਹਾਂ ਨੂੰ ਯਕੀਨੀ ਤੌਰ ਉੱਤੇ ਮੁਆਫ਼ੀ ਮੰਗਣ ਦੀ ਲੋੜ ਹੈ।

ਸੁਖਪਾਲ ਸਿੰਘ ਖਹਿਰਾ ਮੁਤਾਬਕ ਮੀਤ ਹੇਅਰ ਨੇ ਕਿਹਾ ਸੀ ਕਿ ਐੱਨਏਐੱਸ ਦੀ ਰਿਪੋਰਟ ਫਰਜ਼ੀ ਹੈ, ਇਸ ਵਿੱਚ ਛੇੜ-ਛਾੜ ਕੀਤੀ ਗਈ ਹੈ। ਖਹਿਰਾ ਨੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੀਤ ਹੇਅਰ ਇਹ ਬਿਆਨ ਤਾਂ ਹੀ ਦੇ ਸਕਦੇ ਹਨ ਜੇ ਉਨ੍ਹਾਂ ਨੇ ਸਕੂਲਾਂ ਵਿੱਚ ਜਾ ਕੇ ਸਰਵੇਖਣ ਕੀਤਾ ਹੁੰਦਾ ਪਰ ਅਜਿਹਾ ਉਨ੍ਹਾਂ ਨੇ ਕੀਤਾ ਨਹੀਂ ਤੇ ਇਸ ਰਿਪੋਰਟ ਉੱਤੇ ਸਵਾਲ ਉਠਾ ਰਹੇ ਹਨ। ਮੀਤ ਹੇਅਰ ਨੇ NAS ਦੀ ਰਿਪੋਰਟ ਉੱਤੇ ਸਵਾਲ ਉਠਾ ਕੇ ਪੰਜਾਬ ਦੇ ਬੱਚਿਆਂ ਦੀ ਮਿਹਨਤ ਦਾ ਅਪਮਾਨ ਕੀਤਾ ਹੈ। ਖਹਿਰਾ ਨੇ ਮੀਤ ਹੇਅਰ ਦੇ ਇਸ ਬਿਆਨ ਨੂੰ ਦਿੱਲੀ ਵਿੱਚ ਬੈਠੇ ਇਨ੍ਹਾਂ ਦੇ ਹਾਕਮਾਂ ਦੀ ਖੁਸ਼ਾਮਦ ਕਰਨ ਵਾਲਾ ਬਿਆਨ ਕਰਾਰ ਦਿੱਤਾ ਹੈ।

ਸੁਖਪਾਲ ਖਹਿਰਾ ਸਕੂਲ ਸਿੱਖਿਆ ਬਾਰੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਇੱਕ ਰਿਪੋਰਟ ਬਾਰੇ ਟਵੀਟ ਕਰ ਰਹੇ ਹਨ ਜਿਸ ਵਿੱਚ ਪੰਜਾਬ ਤੀਜੀ, ਪੰਜਵੀ, ਅੱਠਵੀਂ ਅਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਕੌਮੀ ਪੱਧਰ ਉੱਤੇ ਅੱਗੇ ਰਿਹਾ ਹੈ। ਸਿੱਖਿਆ ਮੰਤਰਾਲੇ ਵੱਲੋਂ ਇਹ ਸਰਵੇਖਣ ਇਨ੍ਹਾਂ ਕਲਾਸਾਂ ਦੇ ਨਤੀਜਿਆਂ ਦੇ ਆਧਾਰ ਉੱਤੇ ਕੀਤਾ ਗਿਆ ਹੈ। ਇਸ ਸਰਵੇ ਦੀ ਰਿਪੋਰਟ ਆਉਣ ਪਿੱਛੋਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ, ਜਿਹੜੀ ਪੰਜਾਬ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਨੂੰ ਲਿਆਉਣ ਲਈ ਚਾਰਾਜੋਈ ਕਰ ਰਹੀ ਹੈ।

ਭਾਜਪਾ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸੀ ਲੀਡਰ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਦਾ ਮੌਕਾ ਖੁੰਝਣ ਨਹੀਂ ਦਿੰਦੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਦਿੱਲੀ ਵਿੱਚ ਨਾ ਸਕੂਲ ਬਣੇ ਹਨ, ਨਾ ਕਾਲਜ ਅਤੇ ਨਾ ਹੀ ਸੜਕਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੀ ਇਹੋ ਹੋਣ ਵਾਲਾ ਹੈ। ਸਗੋਂ ਇਸ ਤੋਂ ਵੀ ਅੱਗੇ ਜਾ ਕੇ ਵਿਕਾਸ ਦੇ ਪ੍ਰਾਜੈਕਟਾਂ ਨੂੰ ਬਰੇਕਾਂ ਲੱਗ ਗਈਆਂ ਹਨ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੂੰ ਇੱਕ ਮੌਕਾ ਦੇਣ ਦਾ ਇਹੀ ਨਤੀਜਾ ਹੈ।

ਸਿਰਸਾ ਨੇ ਕਿਹਾ ਕਿ ਆਪ ਦਿੱਲੀ ਦਾ ਮਾਡਲ ਪੰਜਾਬ ਵਿੱਚ ਲਿਆਉਣ ਦੇ ਦਾਅਵੇ ਕਰ ਰਹੀ ਹੈ ਪਰ ਸਿੱਖਿਆ ਦੇ ਮਾਮਲੇ ਵਿਚ ਦਿੱਲੀ 7-8 ਪੜਾਅ ਪਿੱਛੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸਰਵੇ ਵਿਚ ਪੰਜਾਬ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਅੱਵਲ ਦੱਸਿਆ ਗਿਆ ਹੈ।

ਆਪ ਸਰਕਾਰ ਨੂੰ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਅੱਵਲ ਸਿੱਖਿਆ ਮਿਆਰ ਦੀ ਗੱਲ ਪੂਰੇ ਦੇਸ਼ ਨੇ ਮੰਨੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।

ਸਿਰਸਾ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਰਕਾਰ ਨੇ ਕੇਜਰੀਵਾਲ ਤੇ ਸਿਸੋਦੀਆ ਅੱਗੇ ਗੋਡੇ ਟੇਕ ਦਿੱਤੇ ਹਨ। ਪੰਜਾਬ ਦੇ ਸਰਮਾਏ ਨੂੰ ਇਹ ਮੰਨਣ ਤੋਂ ਮੁੱਕਰ ਗਏ ਹਨ। ਇਨ੍ਹਾਂ ਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਇਹ ਪੰਜਾਬ ਦੇ ਸਿੱਖਿਆ ਪੱਧਰ ਨੂੰ ਥੱਲੇ ਲੈ ਕੇ ਆਉਣਗੇ, ਤਾਂ ਜੋ ਦਿੱਲੀ ਦੇ ਮੁਕਾਬਲੇ ਵਿਚ ਪੰਜਾਬ ਨਾ ਦਿਸੇ। ਉਨ੍ਹਾਂ ਕਿਹਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪ ਵਾਲਿਓ ਇਹ ਪਾਪ ਨਾ ਕਰੋ, ਮੰਨੋ ਕਿ ਪੰਜਾਬ ਦੇ ਸਕੂਲ ਅੱਵਲ ਹਨ। ਬੱਚਿਆਂ ਅਤੇ ਅਧਿਆਪਕਾਂ ਨੂੰ ਸੱਦ ਕੇ ਸਨਮਾਨਤ ਕਰੋ।’