India Punjab

ਦੋ ਤਖ਼ਤਾਂ ਦੇ ਜਥੇਦਾਰਾਂ ਨੇ ਸਰਕਾਰ ਦਾ ਅਹਿਸਾਨ ਲੈਣ ਤੋਂ ਕੀਤੀ ਨਾਂਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੱਧੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਨੇ ਰਹਿੰਦੀ ਅੱਧੀ ਸੁਰੱਖਿਆ ਵੀ ਵਾਪਸ ਕਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੇ ਦੁਆਲੇ ਸੁਰੱਖਿਆ ਤਾਇਨਾਤ ਕਰ ਦਿੱਤੀ ਹੈ। ਤਖ਼ਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਸਰਕਾਰ ਨੂੰ ਆਪਣੀ ਸੁਰੱਖਿਆ ਆਪਣੇ ਪੱਧਰ ਉੱਤੇ ਵਾਪਸ ਮੋੜ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੁਰੱਖਿਆ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਉਹਨਾਂ ਨੇ ਫਿਲਹਾਲ ਸਰਕਾਰ ਦਾ ਅਹਿਸਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਸਿੱਖ ਨੌਜਵਾਨ ਹੀ ਸਾਡੀ ਸੁਰੱਖਿਆ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਇਕ ਕਹਾਵਤ ਹੈ- ‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਆਜ਼ਾਬੋਂ ਛੁਟੀ”, ਸਾਨੂੰ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ।

ਜਥੇਦਾਰ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ‘ਚ ਲੱਗੇ ਇੱਕ ਅਫ਼ਸਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਲਈ ਸਾਰੇ ਸੁਰੱਖਿਆ ਕਰਮਚਾਰੀ ਵਾਪਸ ਭੇਜ ਦਿੱਤੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਕੀ ਬੱਚਦੀ ਅੱਧੀ ਸਕਿਉਰਿਟੀ ਭਾਵ ਤਿੰਨ ਸੁਰੱਖਿਆ ਕਰਮੀਆਂ ਨੂੰ ਵੀ ਵਾਪਸ ਭੇਜ ਦਿੱਤਾ ਜਾਵੇਗਾ। ਜਥੇਦਾਰ ਦੇ ਨਾਲ ਪੰਜਾਬ ਪੁਲਿਸ ਦੇ 6 ਮੁਲਾਜ਼ਮ ਤਾਇਨਾਤ ਹੁੰਦੇ ਹਨ।

ਜਥੇਦਾਰ ਦੀ ਸਰਕਾਰੀ ਸੁਰੱਖਿਆ ਵਾਪਸ ਹੁੰਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਸਿੰਘ ਸਾਹਿਬ ਦੀ ਦਮਦਮਾ ਸਾਹਿਬ ਵਿਚਲੀ ਰਿਹਾਇਸ਼ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਉੱਤੇ SGPC ਵੱਲੋਂ ਚਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਮੌਕੇ ਉੱਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇਜਿੰਦਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਦੀ ਸੁਰੱਖਿਆ ਕਿਸੇ ਸਰਕਾਰ ਦੀ ਮੋਹਥਾਜ ਨਹੀਂ ਹੈ।

ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਨਹੋਰਾ ਮਾਰਦਿਆਂ ਕਿਹਾ ਕਿ ਜਥੇਦਾਰ ਦੇ ਛੇ ਗੰਨਮੈਨਾਂ ਨਾਲ ਪੰਜਾਬ ਦੇ ਖ਼ਜ਼ਾਨੇ ਉੱਤੇ ਬੋਝ ਨਾ ਪਾਉ, ਇਸ ਲਈ ਤੁਸੀਂ ਆਪਣਾ ਖ਼ਜ਼ਾਨਾ ਬਚਾ ਕੇ ਕੇਜਰੀਵਾਲ ਨੂੰ 90 ਗੰਨਮੈਨ, ਰਾਘਵ ਚੱਢਾ ਨੂੰ 45 ਗੰਨਮੈਨ, ਆਪਣੀ ਮਾਤਾ ਨੂੰ 20 ਗੰਨਮੈਨ ਅਤੇ ਆਪਣੀ ਭੈਣ ਜਿਨ੍ਹਾਂ ਨੂੰ ਤੁਸੀਂ 20-25 ਗੰਨਮੈਨ ਦਿੱਤੇ ਹਨ, ਉਨ੍ਹਾਂ ਦੀ ਰਾਖੀ ਕਰੋ। ਜਥੇਦਾਰ ਦੀ ਰਾਖੀ ਕੌਮ ਆਪ ਕਰੇਗੀ, ਸ਼੍ਰੋਮਣੀ ਕਮੇਟੀ ਆਪ ਕਰੇਗੀ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਸ਼ਸਤਰਧਾਰੀ ਹੋਣ ਲਈ ਕਿਹਾ ਸੀ।  

ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਵੱਲੋਂ 424 ਲੋਕਾਂ ਦੀ ਸੁਰੱਖਿਆ ਵਾਪਸ ਲੈਣ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ। ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਸਰਕਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਰੱਖਿਆ ਵਾਪਸ ਲੈ ਕੇ ਸਿਆਸਤ ਦੇ ਸਭ ਤੋਂ ਸਸਤੇ ਪੱਧਰ 'ਤੇ ਝੁਕੀ ਹੈ ਪਰ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਹੁੰਗਾਰੇ ਲਈ ਵਧਾਈ ਦਿੰਦਾ ਹਾਂ। ਅਸੀਂ ਉਨ੍ਹਾਂ ਵੱਲੋਂ ਬਾਕੀ ਸਰਕਾਰੀ ਸੁਰੱਖਿਆ ਵਾਪਸ ਕਰਨ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ। ਹਰ ਸਿੱਖ ਆਪਣੀ ਸੁਰੱਖਿਆ ਲਈ ਵਚਨਬੱਧ ਹੈ। 

ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ ਕਿਹਾ ਕਿ ਵੀਆਈਪੀ ਨੂੰ ਸੁਰੱਖਿਆ ਦੇਣਾ ਸਰਕਾਰ ਦਾ ਕੰਮ ਹੈ। ਸੁਰੱਖਿਆ ਵਾਪਸੀ ਦਾ ਫ਼ੈਸਲਾ ਵਧੀਆ ਨਹੀਂ ਹੈ। ਬੀਜੇਪੀ ਨੇਤਾ ਫਤਿਹਜੰਗ ਬਾਜਵਾ ਨੇ ਕਿਹਾ ਕਿ ਸੁਰੱਖਿਆ ਵਾਪਸੀ ਮੰਦਭਾਗਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਈਕੋਰਟ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਰਾਘਵ ਚੱਢਾ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਸ ਨੇ ਪੰਜਾਬ ਲਈ ਕੀ ਕੀਤਾ ਹੈ, ਜਿਸਨੂੰ ਇੰਨੇ ਗੰਨਮੈਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੇ ਦੇਸ਼ ਲਈ ਜਾਨਾਂ ਵਾਰੀਆਂ ਹਨ।

ਬੀਜੇਪੀ ਆਗੂ ਅਨਿਲ ਸਰੀਨ ਨੇ ਸੁਰੱਖਿਆ ਵਾਪਸ ਲੈਣ ਉੱਤੇ ਸਰਕਾਰ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਆਪ ਆਗੂਆਂ ਨੂੰ ਜ਼ਿਆਦਾ ਸੁਰੱਖਿਆ ਕਿਉਂ ਦਿੱਤੀ ਗਈ ਹੈ। ਪੰਜਾਬ ਦੇ ਹਰ ਨਾਗਰਿਕ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ।