ਬਲਾਤਕਾਰੀ ਅਤੇ ਕਾਤਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਖੁੱਲੀ ਚੁਣੌਤੀ ਦਿੱਤੀ ਹੈ। ਉਸਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਗੈਰ ਕਿਸੇ ਦਾ ਨਾਂ ਲਿਆ ਕਿਹਾ ਕਿ ਜੇਕਰ ਤੁਸੀਂ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਾ ਸਕਦੇ ਹੋ ਤਾਂ ਛੁਡਾ ਲਵੋ, ਇਹੀ ਵੱਡਾ ਕੰਮ ਹੋਵੇਗਾ।
ਉਸਨੇ ਕਿਹਾ ਕਿ ਉਹ ਆਪ ਨਸ਼ਾ ਛੁਡਾਉਣ ਦੀ ਮੁਹਿੰਮ ਚਲਾ ਰਿਹਾ ਹੈ ਤੇ ਜੇਕਰ ਕੋਈ ਸਮਝਦਾ ਹੈ ਤਾਂ ਉਹ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛੁਡਾ ਸਕਦਾ ਹੈ, ਜਿਸ ਨਾਲ ਲੋਕਾਂ ਦਾ ਭਲਾ ਹੋਵੇਗਾ। ਰਾਮ ਰਹੀਮ ਨੇ 6 ਕਰੋੜ ਡੇਰਾ ਪ੍ਰੇਮੀਆਂ ਦਾ ਨਸ਼ਾ ਛੁਡਾਉਣ ਦਾ ਦਾਅਵੀ ਵੀ ਕੀਤਾ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਰਾਮ ਰਹੀਮ ਦੀ ਚੁਣੌਤੀ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਜੇ ਤਾਂ ਬੰਦਾ ਉੱਚੇ ਆਚਰਣ ਵਾਲਾ ਹੋਵੇ ਤਾਂ ਉਸਦਾ ਜਵਾਬ ਦੇਣਾ ਬਣਦਾ ਹੈ, ਪਰ ਜੋ ਬੰਦਾ ਖੁਦ ਕਾਤਲ ਅਤੇ ਕੁਕਰਮੀ ਹੋਵੇ, ਉਹ ਨਸੀਹਤ ਨਾ ਦੇਵੇ। ਕਹਾਵਤ “ਸ਼ੈਤਾਨ ਕੁਰਾਨ ਦੀਆਂ ਆਇਤਾਂ ਪੜ ਰਿਹਾ ਹੈ” ਵਾਂਗ ਉਸਦਾ ਕੋਈ ਜਵਾਬ ਦੇਣਾ ਨਹੀਂ ਬਣਦਾ। ਇਸਦੇ ਤਾਂ ਖੁਦ ਡੇਰੇ ਵਿੱਚ ਨਸ਼ਾ ਤਸਕਰੀ ਹੁੰਦੀ ਰਹੀ ਹੈ। ਦਾਦੂਵਾਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਪਤਾ ਨਹੀਂ ਮੀਡੀਆ ਵਿੱਚ ਉਸਨੂੰ ਕਿਉਂ ਥਾਂ ਦਿੱਤੀ ਜਾ ਰਹੀ ਹੈ। ਸਰਕਾਰ ਦੀ ਇਹ ਨਾਕਾਮੀ ਹੈ ਕਿ ਸਰਕਾਰ ਨੇ ਵੋਟ ਬੈਂਕ ਨੂੰ ਸਾਹਮਣੇ ਰੱਖਦੇ ਹੋਏ ਉਸਨੂੰ ਏਦਾਂ ਦੀ ਖੁੱਲ੍ਹ ਦਿੱਤੀ ਹੋਈ ਹੈ। ਅਜਿਹੇ ਖੂੰਖਾਰ ਅਪਰਾਧੀਆਂ ਨੂੰ ਜੇਲ੍ਹਾਂ ਦੀ ਸਲਾਖਾਂ ਪਿੱਛੇ ਹੀ ਡੱਕ ਕੇ ਰੱਖਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਜਵਾਬ ਦਿੱਤਾ ਹੈ। ਧਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਰਾਮ ਰਹੀਮ ਸਾਨੂੰ ਗਾਈਡ ਕਰਨ ਵਾਲਾ ਕੌਣ ਹੁੰਦਾ ਹੈ। ਅਸੀਂ ਮਿਲ ਕੇ ਨਸ਼ੇ ਦੇ ਖਿਲਾਫ਼ ਲੜਾਈ ਲੜ ਰਹੇ ਹਾਂ।