International

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ ਹੋਏ ਰੱਬ ਨੂੰ ਪਿਆਰੇ

Former President of Pakistan Pervez Musharraf passed away

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ (General Pervez Musharraf) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਪਾਕਿਸਤਾਨ ਦੇ ਜੀਓ ਨਿਊਜ਼ ਦੀ ਇੱਕ ਖਬਰ ਮੁਤਾਬਕ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦਾ ਦੁਬਈ ਦੇ ਇੱਕ ਹਸਪਤਾਲ ਵਿੱਚ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਸਾਬਕਾ ਫੌਜੀ ਸ਼ਾਸਕ ਮੁਸ਼ੱਰਫ ਦਾ ਲੰਬੇ ਸਮੇਂ ਤੋਂ ਦੁਬਈ ਦੇ ਇਕ ਅਮਰੀਕੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਬ੍ਰਿਟਿਸ਼ ਰਾਜ ਦੌਰਾਨ ਦਿੱਲੀ ਵਿੱਚ ਹੋਇਆ ਸੀ।ਪਰਵੇਜ਼ ਮੁਸ਼ੱਰਫ ਨੇ ਭਾਰਤ ਦੇ ਖਿਲਾਫ 1965 ਅਤੇ 1971 ਦੀਆਂ ਜੰਗਾਂ ਵਿੱਚ ਵੀ ਹਿੱਸਾ ਲਿਆ ਸੀ। ਉਨ੍ਹਾਂ ਨੂੰ 1998 ਵਿੱਚ ਜਨਰਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ ਅਤੇ ਫਿਰ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਸੈਨਾ ਮੁਖੀ (ਸੀਓਏਐਸ) ਦਾ ਅਹੁਦਾ ਸੰਭਾਲਿਆ ਸੀ। ਇੱਕ ਸਾਲ ਬਾਅਦ, 12 ਅਕਤੂਬਰ, 1999 ਨੂੰ ਜਨਰਲ ਮੁਸ਼ੱਰਫ ਨੇ ਤਖਤਾਪਲਟ ਕਰਕੇ ਪਾਕਿਸਤਾਨ ਦੀ ਸੱਤਾ ਸੰਭਾਲੀ।

ਪਰਵੇਜ਼ ਮੁਸ਼ੱਰਫ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪਾਕਿਸਤਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ। ਉਹ 2002 ਵਿੱਚ ਚੋਣ ਰਾਹੀਂ ਰਾਸ਼ਟਰਪਤੀ ਚੁਣੇ ਗਏ ਸਨ ਅਤੇ 2008 ਤੱਕ ਇਸ ਅਹੁਦੇ ‘ਤੇ ਰਹੇ।

ਪਰਵੇਜ਼ ਮੁਸ਼ੱਰਫ ਦਾ ਮਾਰਚ 2016 ਤੋਂ ਦੁਬਈ ਵਿੱਚ ਇਲਾਜ ਚੱਲ ਰਿਹਾ ਸੀ। ਪਿਛਲੇ ਸਾਲ ਮੁਸ਼ੱਰਫ ਦੇ ਕਰੀਬੀ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ। 1999 ਤੋਂ 2008 ਤੱਕ ਪਾਕਿਸਤਾਨ ‘ਤੇ ਰਾਜ ਕਰਨ ਵਾਲੇ ਸਾਬਕਾ ਫੌਜੀ ਸ਼ਾਸਕ ਮੁਸ਼ੱਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਲਾਲ ਮਸਜਿਦ ਦੇ ਮੌਲਵੀ ਦੀ ਹੱਤਿਆ ਦੇ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਗਿਆ ਸੀ।