India

23 ਨਵੰਬਰ, 2019 ਤੋਂ ਪਹਿਲਾਂ ਸੀਟੀਈਟੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਹੀ ਬਹਾਲੀ ਪ੍ਰਕਿਰਿਆ ਵਿੱਚ ਹੋਣਗੇ ਸ਼ਾਮਲ – ਪਟਨਾ ਹਾਈਕੋਰਟ

‘ਦ ਖ਼ਾਲਸ ਬਿਊਰੋ :- ਪਟਨਾ ਹਾਈਕੋਰਟ ਨੇ ਬਿਹਾਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਅਧਿਆਪਕਾਂ ਦੀ ਹੋਣ ਵਾਲੀ ਬਹਾਲੀ ਬਾਰੇ ਅਹਿਮ ਫੈਲਸਾ ਸੁਣਾਇਆ ਹੈ। ਕੋਰਟ ਨੇ ਇਸ ਮਾਮਲੇ ਵਿੱਚ ਫੈਸਲਾ ਦਿੰਦਿਆਂ ਕਿਹਾ ਕਿ 23 ਨਵੰਬਰ, 2019 ਤੋਂ ਪਹਿਲਾਂ ਸੀਟੀਈਟੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਹੀ ਬਹਾਲੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ।

ਜਸਟਿਸ ਅਨਿਲ ਕੁਮਾਰ ਉਪਾਧਿਆਏ ਨੇ ਨੀਰਜ ਕੁਮਾਰ ਅਤੇ ਹੋਰਾਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਮੁਕੰਮਲ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ, ਜੋ ਅੱਜ ਸੁਣਾਇਆ ਗਿਆ ਹੈ। ਅਦਾਲਤ ਨੇ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਵੀ ਹੁਕਮ ਦਿੱਤਾ।

ਪਟੀਸ਼ਨਕਰਤਾ ਦੇ ਵਕੀਲ ਦੀਨੂ ਕੁਮਾਰ ਨੇ ਬਹਿਸ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ ਸੂਬਾ ਸਰਕਾਰ ਨੇ 15 ਜੂਨ, 2020 ਨੂੰ ਇੱਕ ਆਦੇਸ਼ ਪਾਸ ਕਰਦਿਆਂ ਕਿਹਾ ਸੀ ਕਿ ਸੀਟੀਈਟੀ ਪਾਸ ਉਮੀਦਵਾਰ ਦਸੰਬਰ 2019 ਵਿੱਚ ਇਸ ਪ੍ਰੀਖਿਆ ਵਿੱਚ ਹਿੱਸਾ ਨਹੀਂ ਲੈ ਸਕਦੇ।

ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਸ ਪ੍ਰੀਖਿਆ ਦੇ ਜ਼ਰੀਏ ਪੂਰੇ ਸੂਬੇ ਵਿੱਚ ਤਕਰੀਬਨ 94 ਹਜ਼ਾਰ ਅਧਿਆਪਕਾਂ ਦੀ ਬਹਾਲੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ।