India Khetibadi

1 ਰੁਪਏ ਕਿੱਲੋ ਵਿਕਿਆ ਕਿਸਾਨ ਦਾ ਪਿਆਜ਼, ਤੁਹਾਨੂੰ 30 ਰੁਪਏ ਕਿੱਲੋ ਮਿਲ ਰਿਹੈ…

agricultural news, onion price, onion farmer, ਖੇਤੀਬਾੜੀ ਖ਼ਬਰਾਂ, ਵਿਆਜ ਦੀ ਖੇਤੀ, ਪੰਜਾਬੀ ਖ਼ਬਰਾਂ, ਪਿਆਜ ਦਾ ਉਤਪਾਦਨ, ਐਗਰੀਕਲਚਰ

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ। ਗਾਹਕ ਨੂੰ ਪਿਆਜ਼ ਬਾਜ਼ਾਰ ਵਿੱਚ 30 ਰੁਪਏ ਕਿੱਲੋ ਮਿਲ ਰਹੇ ਹਨ ਪਰ ਉਸਦੀ ਪੈਦਾਵਾਰ ਕਰਨ ਵਾਲੇ ਕਿਸਾਨ ਨੂੰ ਲਾਗਤ ਵੀ ਪੱਲੇ ਨਹੀਂ ਪੈ ਰਹੀ। ਇਹ ਮਾੜੀ ਹਾਲਤ ਇਸ ਵਾਰ ਪਿਆਜ਼ ਉਤਪਾਦਕ ਸੂਬੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਹੋਈ।

ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਪਿੰਡ ਦੌਤਪੁਰ ਦਾ ਰਹਿਣ ਵਾਲੇ ਕਿਸਾਨ ਬੰਦੂ ਭੰਗੇ 825 ਕਿਲੋ ਪਿਆਜ਼ ਲੈ ਕੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਪਿਆਜ਼ ਮੰਡੀ ਸੋਲਾਪੁਰ ਮੰਡੀ ਪਹੁੰਚਿਆ ਸੀ। ਪਿਆਜ਼ ਦੀ ਕੀਮਤ ਸਿਰਫ 1 ਰੁਪਏ ਪ੍ਰਤੀ ਕਿਲੋ ਸੀ। ਪਿਆਜ਼ ਦੇ ਬਦਲੇ 825 ਰੁਪਏ ਬਣਦੇ ਸਨ।

ਕਿਸਾਨ ਨੇ ਤੋਲ ਅਤੇ ਭਾੜੇ ਸਮੇਤ ਕੁੱਲ 826 ਰੁਪਏ ਖਰਚ ਕੀਤੇ ਗਏ। ਬੰਦੂ ਨੂੰ 825 ਕਿਲੋ ਪਿਆਜ਼ ਦੀ ਮਿਲੀ ਰਸੀਦ ਅਨੁਸਾਰ ਉਸ ਨੇ ਮੰਡੀ ਵਾਲਿਆਂ ਨੂੰ ਆਪਣੀ ਜੇਬ ਵਿੱਚੋਂ 1 ਰੁਪਏ ਅਦਾ ਕਰਨੇ ਸਨ। ਯਾਨੀ ਉਸ ਨੇ -1 ਰੁਪਏ ਕਮਾਏ। ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਇਹ ਸਭ ਕੁਝ ਉਦੋਂ ਹੋ ਰਿਹਾ ਸੀ, ਜਦੋਂ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ 30 ਰੁਪਏ ਪ੍ਰਤੀ ਕਿਲੋ ਸੀ।

ਇਸੇ ਤਰ੍ਹਾਂ ਇੱਕ ਹੋਰ ਕਿਸਾਨ ਸੋਲਾਪੁਰ ਜ਼ਿਲ੍ਹੇ ਦੇ ਬੋਰਗਾਂਵ ਦੇ ਇੱਕ 65 ਸਾਲਾ ਕਿਸਾਨ ਰਾਜੇਂਦਰ ਤੁਕਾਰਾਮ ਚਵਾਨ ਨੇ ਇੱਕ ਪਿਕਅੱਪ ਵੈਨ ਵਿੱਚ ਪਿਆਜ਼ ਦੀਆਂ 10 ਬੋਰੀਆਂ ਲੱਦੀਆਂ। ਉਹ 70 ਕਿਲੋਮੀਟਰ ਦੂਰ ਸੋਲਾਪੁਰ ਵਿੱਚ ਪਹੁੰਚਿਆ। ਬੋਰੀਆਂ ਵਿੱਚ 512 ਕਿਲੋ ਪਿਆਜ਼ ਸੀ। ਇਸ ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਜਾਂ 100 ਰੁਪਏ ਪ੍ਰਤੀ ਕੁਇੰਟਲ ਸੀ।

ਪਿਆਜ਼ ਦੇ ਬਦਲੇ 512 ਰੁਪਏ ਭਾਅ ਬਣਦਾ ਸੀ ਪਰ ਪਿਆਜ਼ ਮੰਡੀ ਵਿੱਚ ਲਿਆਉਣ, ਢੋਆ-ਢੁਆਈ ਅਤੇ ਬੋਰੀਆਂ ਦੀ ਕੀਮਤ 509 ਰੁਪਏ 51 ਪੈਸੇ ਬਣਦੀ ਹੈ। ਸਾਰੇ ਹਿਸਾਬ-ਕਿਤਾਬ ਤੋਂ ਬਾਅਦ ਤੁਕਾਰਾਮ ਨੂੰ ਘਰ ਲਿਜਾਣ ਲਈ 2 ਰੁਪਏ 49 ਪੈਸੇ ਮਿਲੇ। ਇਹ 2 ਰੁਪਏ ਵੀ ਚੈੱਕ ਰਾਹੀਂ ਪ੍ਰਾਪਤ ਹੋਏ ਸਨ, ਜਿਨ੍ਹਾਂ ਨੂੰ ਕੈਸ਼ ਕਰਵਾਉਣ ਲਈ 306 ਰੁਪਏ ਹੋਰ ਖਰਚ ਕਰਨੇ ਪੈਣਗੇ।

ਰਾਜਿੰਦਰ ਤੁਕਾਰਾਮ ਚਵਾਨ ਨੂੰ 512 ਕਿਲੋ ਪਿਆਜ਼ ਲਈ 2 ਰੁਪਏ ਮਿਲੇ, ਇਹ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ਸੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਵਿਚਕਾਰ ਸਵਾਲ ਇਹ ਉਠਦਾ ਹੈ ਕਿ ਕਿਸਾਨਾਂ ਨੂੰ ਪਿਆਜ਼ ਦੇ ਬਦਲੇ ਕੁਝ ਨਹੀਂ ਮਿਲ ਰਿਹਾ ਦੂਜੇ ਪਾਸੇ ਇਹ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਮ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ।