India Punjab

ਮਹਿੰਗਾ ਪਿਆਜ਼ ਤੇ ਟਮਾਟਰ ਖਾਣ ਦੇ ਆ ਗਏ ਦਿਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡੀਜ਼ਲ ਪੈਟਰੋਲ ਮਹਿੰਗਾ ਹੋ ਕੇ ਆਪਣਾ ਰੰਗ ਦਿਖਾ ਚੁੱਕਾ ਹੈ ਤੇ ਹੁਣ ਤੁਹਾਡੀਆਂ ਰਸੋਈਆਂ ਦਾ ਬਜਟ ਵਿਗਾੜਨ ਦੀ ਵਾਰੀ ਹੈ ਪਿਆਜ ਤੇ ਟਮਾਟਰਾਂ ਦੀ। ਕਰਨਾਟਕਾ ਤੇ ਮਹਾਂਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਤੇਲ ਦੀਆਂ ਵਧੀਆਂ ਕੀਮਤਾਂ ਕੀਮਤਾਂ ਕਾਰਨ ਪਿਆਜ਼ ਤੇ ਟਮਾਟਰ ਦੇ ਭਾਅ ਇਕ ਵਾਰ ਫਿਰ ਵਧ ਰਹੇ ਹਨ। ਡੀਜਲ ਤੇ ਪੈਟਰੋਲ ਦੇ ਵਧੇ ਰੇਟਾਂ ਤੋਂ ਪਰੇਸ਼ਾਨ ਲੋਕਾਂ ਲਈ ਹੁਣ ਨਵੀਂ ਮੁਸੀਬਤ ਖੜ੍ਹੀ ਹੋ ਰਹੀ ਹੈ।

ਜਾਣਕਾਰੀ ਮੁਤਾਬਿਕ ਦਿੱਲੀ ਦੇ ਥੋਕ ਬਾਜਾਰ ਵਿੱਚ ਸਬਜੀਆਂ 10 ਤੋਂ 15 ਰੁਪਏ ਮਹਿੰਗੀਆਂ ਹੋ ਗਈਆਂ ਹਨ। ਦਿੱਲੀ ਦੀਆਂ ਵੱਡੀਆਂ ਸਬਜੀ ਮੰਡੀਆਂ ਦੇ ਵਪਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਹਫਤਿਆਂ ਵਿਚ ਸਬਜੀਆਂ ਹੋਰ ਮਹਿੰਗੀਆਂ ਹੋ ਜਾਣਗੀਆਂ। ਸਮਾਚਾਰ ਏਜੰਸੀ ਪੀਟੀਆਈ ਦੀ ਖਬਰ ਮੁਤਾਬਿਕ ਟਮਾਟਰ ਦੀ ਕੀਮਤ ਜੋ ਪਹਿਲਾਂ 40 ਰੁਪਏ ਸੀ, ਹੁਣ 50-55 ਰੁਪਏ ਹੋ ਗਈ ਹੈ। ਪਿਆਜ ਵੀ 50 ਰੁਪਏ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਥੋਕ ਭਾਅ ਵਧਣ ਕਾਰਨ ਹੋਇਆ ਹੈ।

ਉੱਧਰ, ਦਿੱਲੀ ਦੀ ਗਾਜ਼ੀਪੁਰ ਮੰਡੀ ਵਿੱਚ ਥੋਕ ਸਬਜੀ ਤੇ ਫਲਾਂ ਦੇ ਵਪਾਰੀ ਨੇ ਕਿਹਾ ਹੈ ਕਿ ਸਪਲਾਈ ਦੀ ਘਾਟ ਕਾਰਨ ਪਿਆਜ ਤੇ ਟਮਾਟਰ 10 ਤੋਂ 15 ਰੁਪਏ ਮਹਿੰਗੇ ਹੋ ਗਏ ਹਨ। ਦਿੱਲੀ ਵਿੱਚ ਸਭ ਤੋਂ ਵਧ ਪਿਆਜ ਤੇ ਟਮਾਟਰ ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ਤੇ ਕਰਨਾਟਕ ਤੋਂ ਹੀ ਆਉਂਦੇ ਹਨ।

80 ਰੁਪਏ ਤੋਂ ਵਧ ਵਿਕਿਆ ਸੀ ਪਿਆਜ

ਪਿਛਲੇ ਸਾਲ ਦੀ ਗੱਲ ਕਰੀਏ ਤਾਂ ਅਗਸਤ ਮਹੀਨੇ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹੜ੍ਹ ਤੇ ਮੀਂਹ ਕਾਰਨ ਸਬਜੀਆਂ ਦੇ ਭਾਅ ਵਧੇ ਸਨ। ਦਿੱਲੀ ਤੇ ਇਸਦੇ ਲਾਗਲੇ ਇਲਾਕਿਆਂ ਵਿਚ ਬੈਂਗਣ, ਘੀਆ ਤੇ ਤੋਰੀ ਵੀ 50 ਰੁਪਏ ਪ੍ਰਤੀ ਕਿੱਲੋ ਵਿਕੀ ਸੀ। ਫੁੱਲਗੋਭੀ ਦਾ ਭਾਅ ਵੀ 120 ਰੁਪਏ ਪਹੁੰਚ ਗਿਆ ਸੀ ਤੇ ਸ਼ਿਮਲਾ ਮਿਰਚ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕੀ ਸੀ। ਹਾਲਾਂਕਿ ਉਸ ਵੇਲੇ ਪਿਆਜ 20 ਰੁਪਏ ਤੋਂ ਸਿੱਧਾ 10 ਰੁਪਏ ਮਹਿੰਗਾ ਹੋ ਗਿਆ ਸੀ।

ਇਸੇ ਤਰ੍ਹਾਂ ਸਾਲ 2019 ਦੇ ਅਖੀਰ ਵਿੱਚ ਦਾ ਰੇਟ 80 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਸੀ ਤੇ ਪਿਆਜ ਤੋਂ ਇਲਾਵਾ ਟਮਾਟਰ 40 ਰੁਪਏ, ਲਸਣ 300 ਰੁਪਏ, ਅਦਰਕ 100 ਰੁਪਏ ਕਿੱਲੋ ਵਿਕਿਆ ਸੀ।