ਸ਼੍ਰੀ ਮੁਕਤਸਰ ਸਾਹਿਬ : ਸ਼ਹੀਦਾਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਕੱਲ ਸ਼ੁਰੂ ਹੋ ਚੁੱਕਾ ਹੈ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਮੇਲੇ ਦਾ ਅੱਜ ਦੂਸਰਾ ਦਿਨਾ ਹੈ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਇਥੇ ਪਹੁੰਚ ਰਹੇ ਹਨ ।
ਲੋਹੜੀ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਸ਼ੁਰੂ ਹੋਇਆ ਹੈ, ਜੋ ਅੱਜ ਦੇ ਦਿਨ ਵੀ ਚੱਲਦਾ ਰਹੇਗਾ। ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਅਤੇ ਸ਼ਹੀਦ ਗੰਜ,ਇਹ ਦੋ ਪਵਿੱਤਰ ਇਤਿਹਾਸਕ ਗੁਰਦੁਆਰੇ ਹਨ,ਜਿਥੇ ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ 40 ਮੁਕਤਿਆਂ ਨੂੰ ਯਾਦ ਕਰਦੇ ਹਨ । ਕੱਲ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ,ਜਿਸ ਦੀ ਸ਼ੁਰੂਆਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਹੋਵੇਗੀ ਤੇ ਗੁਰਦੁਆਰਾ ਟਿੱਬੀ ਸਾਹਿਬ, ਰਕਾਬਗੰਜ ਸਾਹਿਬ ਅਤੇ ਦਾਤਣਸਰ ਸਾਹਿਬ ਪੁੱਜੇਗਾ।
ਇਸ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਮੇਲੇ ਮੌਕੇ ਅੱਜ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਸਰਕਾਰੀ, ਗ਼ੈਰ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਤੇ ਗ਼ੈਰ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ।
ਇਸ ਮੇਲੇ ਦੌਰਾਨ ਰੱਖੇ ਗਏ ਅਖੰਡ ਪਾਠ ਦੇ ਭੋਗ ਅੱਜ ਪਾਏ ਜਾ ਰਹੇ ਹਨ ਤੇ ਕੱਲ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਅਤੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
ਚਾਲੀ ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਮੇਲਾ ਮਾਘੀ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਹੁੰਚੀਆਂ ਹੋਈਆਂ ਰਹੀਆਂ ਹਨ। ਨਿਹੰਗ ਸਿੰਘਾਂ ਦੀਆਂ ਇਥੇ ਛਾਉਣੀਆਂ ਲੱਗ ਗਈਆਂ ਹਨ ਤੇ ਬਾਬਾ ਬਿਧੀ ਚੰਦ, ਸੁਰ ਸਿੰਘ, ਤਰਨਾ ਦਲ, ਬੁੱਢਾ ਦਲ, ਹਰੀਆਂ ਵੇਲਾਂ ਤੇ ਹੋਰ ਕਈ ਜਥੇ ਪਹੁੰਚੇ ਹੋਏ ਹਨ ।