India

ਅਜ਼ਾਦੀ ਦਿਵਸ ਮੌਕੇ PM ਮੋਦੀ ਨੇ ਦਿੱਤੀਆਂ ਤਿੰਨ ਗਾਰੰਟੀਆਂ

On the occasion of Independence Day, PM Modi gave three guarantees

ਦਿੱਲੀ : ਅੱਜ ਭਾਰਤ 76ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10ਵੀਂ ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਪੁੱਜੇ ਤਾਂ ਲਾਹੌਰੀ ਗੇਟ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਅਜੇ ਭੱਟ ਅਤੇ ਰੱਖਿਆ ਸਕੱਤਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਉਨ੍ਹਾਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇੰਨਾ ਵੱਡਾ ਦੇਸ਼, ਵਿਸ਼ਾਲ ਦੇਸ਼, ਮੇਰਾ 140 ਕਰੋੜ ਦਾ ਪਰਿਵਾਰ ਅੱਜ ਆਜ਼ਾਦੀ ਦਾ ਤਿਉਹਾਰ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਮੈਂ ਆਜ਼ਾਦੀ ਦੇ ਪਵਿੱਤਰ ਤਿਉਹਾਰ ‘ਤੇ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ ਜੋ ਭਾਰਤ ਨੂੰ ਪਿਆਰ ਕਰਦੇ ਹਨ ਅਤੇ ਭਾਰਤ ਦਾ ਸਨਮਾਨ ਕਰਦੇ ਹਨ।”

ਮਨੀਪੁਰ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਮਨੀਪੁਰ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਮਨੀਪੁਰ ਦੇ ਨਾਲ ਹੈ। ਆਪਣੇ ਭਾਸ਼ਣ ਵਿੱਚ ਪੀ ਐੱਮ ਮੋਦੀ ਨੇ ਕਿਹਾ, “ਮਨੀਪੁਰ ਵਿੱਚ ਪਿਛਲੇ ਸਮੇਂ ਤੋਂ ਹਿੰਸਾ ਦਾ ਦੌਰ ਚੱਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਮਾਵਾਂ-ਧੀਆਂ ਨੂੰ ਤਸੀਹੇ ਦਿੱਤੇ ਗਏ, ਪਰ ਕੁਝ ਦਿਨਾਂ ਤੋਂ ਸ਼ਾਂਤੀ ਦੀਆਂ ਖ਼ਬਰਾਂ ਆ ਰਹੀਆਂ ਹਨ।” ਉਨ੍ਹਾਂ ਨੇ ਕਿਹਾ ਕਿ “ਦੇਸ਼ ਮਨੀਪੁਰ ਦੇ ਨਾਲ ਹੈ। ਕੇਂਦਰ ਸਰਕਾਰ, ਰਾਜ ਦੇ ਨਾਲ, ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹਾ ਕਰਦੀ ਰਹੇਗੀ।”

ਪ੍ਰਧਾਨ ਮੰਤਰੀ ਨੇ ਕਿਹਾ ਅੱਜ ਦੇਸ਼ ਦੇ ਨੌਜਵਾਨਾਂ ਨੂੰ ਜਿੰਨੇ ਮੌਕੇ ਮਿਲੇ ਹਨ, ਸ਼ਾਇਦ ਹੀ ਕਿਸੇ ਨੂੰ ਮਿਲੇ ਹੋਣਗੇ। ਸਾਨੂੰ ਇਸ ਨੂੰ ਗੁਆਉਣਾ ਨਹੀਂ ਚਾਹੀਦਾ। ਆਉਣ ਵਾਲਾ ਸਮਾਂ ਤਕਨਾਲੋਜੀ ਤੋਂ ਪ੍ਰਭਾਵਿਤ ਹੋਣ ਵਾਲਾ ਹੈ। ਸਾਡੇ ਛੋਟੇ ਸ਼ਹਿਰ ਅਤੇ ਕਸਬੇ ਆਬਾਦੀ ਪੱਖੋਂ ਭਾਵੇਂ ਛੋਟੇ ਹੋਣ ਪਰ ਉਨ੍ਹਾਂ ਦੀ ਸਮਰੱਥਾ ਕਿਸੇ ਤੋਂ ਘੱਟ ਨਹੀਂ ਹੈ। ਦੇਸ਼ ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ। ਜਿੰਨੇ ਮੌਕੇ ਤੁਸੀਂ ਚਾਹੁੰਦੇ ਹੋ, ਇਹ ਦੇਸ਼ ਉੱਨੇ ਹੀ ਮੌਕੇ ਦੇਣ ਦੀ ਸਮਰੱਥਾ ਰੱਖਦਾ ਹੈ।

ਅਜ਼ਾਦੀ ਦਿਵਸ ਮੌਕੇ PM ਮੋਦੀ ਨੇ ਦਿੱਤੀਆਂ ਤਿੰਨ ਗਾਰੰਟੀਆਂ

1. ਪਹਿਲੀ ਗਾਰੰਟੀ ਅਗਲੇ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ।
2. ਦੂਜੀ ਗਾਰੰਟੀ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਬੈਂਕ ਕਰਜ਼ਿਆਂ ਵਿੱਚ ਰਿਆਇਤ ਮਿਲੇਗੀ
3. ਤੀਜੀ ਗਾਰੰਟੀ ਦੇਸ਼ ਭਰ ਵਿੱਚ 10 ਹਜ਼ਾਰ ਤੋਂ 25 ਹਜ਼ਾਰ ਤੱਕ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ।

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਮੈਂ ਪਿਛਲੇ 1000 ਸਾਲਾਂ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਦੇਖ ਰਿਹਾ ਹਾਂ ਕਿ ਦੇਸ਼ ਦੇ ਸਾਹਮਣੇ ਇੱਕ ਵਾਰ ਫਿਰ ਮੌਕਾ ਹੈ। ਅੱਜ ਅਸੀਂ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਅਸੀਂ ਜੋ ਵੀ ਕਰਦੇ ਹਾਂ, ਅਸੀਂ ਜੋ ਕਦਮ ਚੁੱਕਦੇ ਹਾਂ ਅਤੇ ਜੋ ਫ਼ੈਸਲੇ ਅਸੀਂ ਇੱਕ ਤੋਂ ਬਾਅਦ ਇੱਕ ਲੈਂਦੇ ਹਾਂ, ਉਹ ਇੱਕ ਸੁਨਹਿਰੀ ਇਤਿਹਾਸ ਨੂੰ ਜਨਮ ਦੇਵੇਗਾ।

ਪੀ ਐੱਮ ਮੋਦੀ ਨੇ ਕਿਹਾ ਅਸੀਂ 2014 ਵਿੱਚ ਵਿਸ਼ਵ ਅਰਥਵਿਵਸਥਾ ਵਿੱਚ 10ਵੇਂ ਨੰਬਰ ‘ਤੇ ਸੀ। ਅੱਜ ਅਸੀਂ 5ਵੇਂ ਨੰਬਰ ‘ਤੇ ਪਹੁੰਚ ਗਏ ਹਾਂ। ਇਹ ਇਵੇਂ ਹੀ ਨਹੀਂ ਹੋਇਆ ਹੈ। ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਜਕੜ ਲਿਆ ਸੀ। ਮੈਂ ਦੇਸ਼ ਵਾਸੀਆਂ ਨੂੰ 10 ਸਾਲਾਂ ਦਾ ਹਿਸਾਬ ਦੇ ਰਿਹਾ ਹਾਂ। ਇਸ ਤੋਂ ਪਹਿਲਾਂ ਗ਼ਰੀਬਾਂ ਲਈ ਘਰ ਬਣਾਉਣ ਲਈ 90 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਅੱਜ ਚਾਰ ਲੱਖ ਕਰੋੜ ਰੁਪਏ ਖ਼ਰਚ ਹੋ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਨਵੀਂਆਂ ਨੀਤੀਆਂ ਦਾ ਜ਼ਿਕਰ ਕੀਤਾ।

• ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਆਉਣ ਵਾਲੇ ਪੰਜ ਸਾਲਾਂ ਲਈ ਮੋਦੀ ਦੀ ਗਾਰੰਟੀ ਹੈ ਕਿ ਦੇਸ਼ ਨੂੰ ਚੋਟੀ ਦੀ ਅਰਥਵਿਵਸਥਾ ‘ਚ ਸ਼ਾਮਲ ਕੀਤਾ ਜਾਵੇਗਾ।’

• ਉਨ੍ਹਾਂ ਨੇ ਕਿਹਾ ਕਿ ਮਜ਼ਦੂਰ ਵਰਗ ਨੂੰ ਨਵੀਂ ਤਾਕਤ ਦੇਣ ਲਈ ਆਉਣ ਵਾਲੇ ਮਹੀਨੇ ਵਿਸ਼ਵਕਰਮਾ ਜਯੰਤੀ ‘ਤੇ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ, ਇਹ ਯੋਜਨਾ 13,000 ਕਰੋੜ ਰੁਪਏ ਨਾਲ ਸ਼ੁਰੂ ਹੋਵੇਗੀ।

• ਉਨ੍ਹਾਂ ਨੇ ਕਿਹਾ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, “ਅਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 2.5 ਲੱਖ ਕਰੋੜ ਸਿੱਧੇ ਕਿਸਾਨਾਂ ਨੂੰ ਦਿੱਤੇ ਹਨ, ਅਸੀਂ ਗ਼ਰੀਬਾਂ ਲਈ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ, ਅਸੀਂ ਇਸ ਵਿੱਚ 70 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ।”

• ਉਨ੍ਹਾਂ ਨੇ ਕਿਹਾ “ਅਸੀਂ ਕੋਰੋਨਾ ਵੈਕਸੀਨ ‘ਤੇ 40,000 ਕਰੋੜ ਰੁਪਏ ਖ਼ਰਚ ਕੀਤੇ, ਅਸੀਂ ਪਸ਼ੂਆਂ ਨੂੰ ਬਚਾਉਣ ਲਈ 15,000 ਕਰੋੜ ਰੁਪਏ ਖ਼ਰਚ ਕੀਤੇ, ਅਸੀਂ ਉਨ੍ਹਾਂ ਦੇ ਟੀਕੇ ‘ਤੇ ਇੰਨੇ ਪੈਸੇ ਖ਼ਰਚ ਕੀਤੇ।”

• ਉਨ੍ਹਾਂ ਨੇ ਕਿਹਾ “ਜਨ ਔਸ਼ਧੀ ਕੇਂਦਰਾਂ ਨੇ ਦੇਸ਼ ਦੇ ਮੱਧ ਵਰਗ ਪਰਿਵਾਰਾਂ ਨੂੰ ਤਾਕਤ ਦਿੱਤੀ ਹੈ। ਅੱਜ ਦੇਸ਼ ਵਿੱਚ ਇੱਕ ਹਜ਼ਾਰ ਤੋਂ ਵੱਧ ਜਨ ਔਸ਼ਧੀ ਕੇਂਦਰ ਹਨ, ਜਿਸ ਕਾਰਨ ਮੱਧ ਵਰਗ ਦੇ ਪਰਿਵਾਰਾਂ ਨੂੰ 20,000 ਕਰੋੜ ਰੁਪਏ ਦੀ ਬੱਚਤ ਹੋਈ ਹੈ।

• ਉਨ੍ਹਾਂ ਨੇ ਕਿਹਾ “ਜਿਸ ਤਰ੍ਹਾਂ ਅਸੀਂ ਵਿਸ਼ਵਕਰਮਾ ਯੋਜਨਾ ਲਿਆ ਰਹੇ ਹਾਂ, ਉਸੇ ਤਰ੍ਹਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ 25 ਹਜ਼ਾਰ ਜਨ ਔਸ਼ਧੀ ਕੇਂਦਰ ਲਿਆਵਾਂਗੇ।”

• ਉਨ੍ਹਾਂ ਨੇ ਕਿਹਾ “ਅਸੀਂ ਉਨ੍ਹਾਂ ਲੋਕਾਂ ਨੂੰ ਬੈਂਕ ਕਰਜ਼ਿਆਂ ‘ਤੇ ਵਿਆਜ ਵਿੱਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਸ਼ਹਿਰਾਂ ਵਿੱਚ ਆਪਣੇ ਘਰ ਬਣਾਉਣਾ ਚਾਹੁੰਦੇ ਹਨ।”

• ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀਆਂ 2 ਕਰੋੜ ਪੇਂਡੂ ਔਰਤਾਂ ਨੂੰ ਲਖਪਤੀ ਬਣਾਉਣ ਦਾ ਟੀਚਾ ਰੱਖਿਆ ਹੈ। ਸਵੈ-ਸਹਾਇਤਾ ਸਮੂਹਾਂ ਰਾਹੀਂ ਔਰਤਾਂ ਨੂੰ ਡਰੋਨ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ।
• ਇਸ ਦੇ ਲਈ ‘ਲਖਪਤੀ ਦੀਦੀ’ ਦੀ ਯੋਜਨਾ ਤਿਆਰ ਕੀਤੀ ਗਈ ਹੈ। ਪੀ ਐੱਮ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਮਹਿਲਾ ਪਾਇਲਟਾਂ ਹਨ।

• ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਦੇ ਘਰ ਬਣਾਉਣ ਦਾ ਸੁਪਨਾ ਪੂਰਾ ਕਰੇਗੀ। ਇਸ ਦੇ ਲਈ ਨਵੀਂ ਆਵਾਸ ਯੋਜਨਾ ਲਿਆਉਣ ‘ਤੇ ਕੰਮ ਕੀਤਾ ਜਾਵੇਗਾ।