Others

ਕਿਸਾਨਾਂ ਦਾ ਦਿੱਲੀ ਮਾਰਚ ਦਾ ਚੌਥੇ ਦਿਨ, ਕਿਸਾਨਾਂ ਤੇ ਮੁੜ ਛੱਡੇ ਅੱਥਰੂ ਗੈਸ ਦੇ ਗੋਲੇ…

On the fourth day of farmers' march in Delhi, tear gas shells were again released on farmers

ਚੰਡੀਗੜ੍ਹ : ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਚੌਥਾ ਦਿਨ ਹੈ। ਐਮਐਸਪੀ ਦੀ ਮੰਗ ਨੂੰ ਲੈ ਕੇ ਰਾਜ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ 44 ਨੂੰ ਟੋਲ ਫਰੀ ਕਰ ਦਿੱਤਾ ਹੈ। ਨਾਅਰੇਬਾਜ਼ੀ ਕਰਦੇ ਹੋਏ ਟੋਲ ‘ਤੇ ਪਹੁੰਚੇ ਕਿਸਾਨਾਂ ਨੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕੰਮ ਕਰੇ।

ਅੱਜ ਕਿਸਾਨਾਂ ਉਪਰ ਪੰਜਾਬ-ਹਰਿਆਣਾ ਸ਼ੰਭੂ ਬਾਰਡਰ ਤੇ ਸੁਰੱਖਿਆ ਬਲਾਂ ਦੇ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਜਾਣਕਾਰੀ ਮੁਤਾਬਿਕ, ਪਹਿਲਾਂ ਕਿਸਾਨਾਂ ਤੇ ਪੁਲਿਸ ਵਿਚਾਲੇ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਪੁਲਿਸ ਤੇ ਕਿਸਾਨ ਭਿੜ ਗਏ ਅਤੇ ਪੁਲਿਸ ਦੇ ਵਲੋਂ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ।

ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਯੂਨੀਅਨ ਨੇ ਅੱਜ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਵਿੱਚ ਪਿੰਡਾਂ ਵਿੱਚ ਦੁਕਾਨਾਂ ਬੰਦ ਰੱਖਣ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਨਾ ਕਰਨ ਲਈ ਕਿਹਾ ਗਿਆ ਹੈ। ਹਰਿਆਣਾ, ਪੰਜਾਬ ਅਤੇ ਹਿਮਾਚਲ ਵਿੱਚ ਬਾਜ਼ਾਰ ਬੰਦ ਹਨ। ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲ ਰਹੀਆਂ। ਬੰਦ ਦਾ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ ਦੇ ਪੇਂਡੂ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਬੀਕੇਯੂ (ਚੜੂਨੀ) ਦੇ ਵਰਕਰਾਂ ਨੇ ਹਰਿਆਣਾ ਦੇ ਕਈ ਟੋਲ ਪੁਆਇੰਟਾਂ ਨੂੰ 3 ਘੰਟੇ ਲਈ ਖਾਲੀ ਕਰ ਦਿੱਤਾ।

ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਕਿਸਾਨ ਜਥੇਬੰਦੀ ਦੇ ਮੈਂਬਰ ਡੰਡੇ ਅਤੇ ਝੰਡੇ ਲੈ ਕੇ ਮੰਡੀਆਂ ਵਿੱਚ ਘੁੰਮ ਰਹੇ ਹਨ। ਬਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ ਜੋ ਸਵੇਰੇ ਨੌਂ ਵਜੇ ਤੱਕ ਗੂੰਜਦਾ ਰਹਿੰਦਾ ਸੀ। ਦੁਕਾਨਦਾਰ ਅਤੇ ਉਨ੍ਹਾਂ ਦੇ ਕਰਿੰਦੇ ਦੁਕਾਨ ਦੇ ਬਾਹਰ ਦੁਕਾਨ ਖੋਲ੍ਹਣ ਲਈ ਪਹੁੰਚਦੇ ਨਜ਼ਰ ਆ ਰਹੇ ਹਨ ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੋਈ ਵੀ ਦੁਕਾਨ ਨਹੀਂ ਖੋਲ੍ਹ ਰਿਹਾ। ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਸਵੈ-ਇੱਛਾ ਨਾਲ ਭਾਰਤ ਬੰਦ ਦੇ ਸੱਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਹੁਸ਼ਿਆਪੁਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਅਬੋਹਰ, ਤਰਨਤਾਰਨ, ਬਟਾਲਾ, ਜਗਰਾਉਂ ਅਤੇ ਪਟਿਆਲਾ ਵਿੱਚ ਭਾਰਤ ਬੰਦ ਦਾ ਪੂਰਾ ਅਸਰ ਦਿਖਾਈ ਦੇ ਰਿਹਾ ਹੈ।ਅੰਮ੍ਰਿਤਸਰ ਤੋਂ ਹਰਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ ‘ਤੇ ਕਿਸਾਨਾਂ ਨੇ ਅੰਮ੍ਰਿਤਸਰ ‘ਚ ਰਈਆ, ਜਲੰਧਰ ‘ਚ ਪੀਏਪੀ ਚੌਕ ਅਤੇ ਫਿਲੌਰ ‘ਚ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਦਿੱਤਾ ਹੈ।

ਪਠਾਨਕੋਟ ਨਾਲ ਲੱਗਦੀ ਸਰਹੱਦ ‘ਤੇ ਕਿਸਾਨਾਂ ਦੇ ਧਰਨੇ ਕਾਰਨ ਪਠਾਨਕੋਟ-ਡਲਹੋਜੀ ਸੜਕ ਵੀ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ, ਸੰਗਰੂਰ ਅਤੇ ਬਠਿੰਡਾ ਵਿੱਚ ਕਿਸਾਨਾਂ ਦੇ ਧਰਨੇ ਕਾਰਨ ਦਿੱਲੀ ਅਤੇ ਰਾਜਸਥਾਨ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਗੱਲ ਇਹ ਹੈ ਕਿ ਟਰੇਨਾਂ ਬਿਨਾਂ ਕਿਸੇ ਰੋਕ ਦੇ ਚੱਲ ਰਹੀਆਂ ਹਨ। ਹਾਲਾਂਕਿ ਬੰਦ ਦੇ ਸੱਦੇ ਕਾਰਨ ਰੇਲਵੇ ਸਟੇਸ਼ਨਾਂ ‘ਤੇ ਜ਼ਿਆਦਾ ਭੀੜ ਨਜ਼ਰ ਨਹੀਂ ਆ ਰਹੀ ਹੈ।