India Punjab

ਸਿੱਖ IPS ਅਫ਼ਸਰ ਨੂੰ ਦੇਸ਼ ਵਿਰੋਧੀ ਕਹਿਣ ‘ਤੇ ਬੋਲੇ CM ਮਾਨ, “ਦੇਸ਼ ਦੀ ਆਜ਼ਾਦੀ ‘ਚ ਸਭ ਤੋਂ ਵੱਧ ਪੰਜਾਬੀ ਦੀਆਂ ਕੁਰਬਾਨੀਆਂ

On calling the Sikh IPS officer anti-national, CM Mann said, "Punjabi made the most sacrifices in the freedom of the country.

ਚੰਡੀਗੜ੍ਹ : ਬੰਗਾਲ ਵਿੱਚ ਸਿੱਖ IPS ਅਫਸਰ ਨੂੰ ਸਿਆਸੀ ਆਗੂ ਵੱਲੋਂ ਦੇਸ਼ ਵਿਰੋਧੀ ਕਹਿਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਤਾ ਨਹੀਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਅੱਜ ਤੱਕ ਆਜ਼ਾਦੀ ਨੂੰ ਕਾਇਮ ਰੱਖਣ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ। ਭਾਜਪਾ ਨੂੰ ਪੰਜਾਬੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ‘ਬੰਗਾਲ ਦੇ ਸਿੱਖ IPS ਅਫ਼ਸਰ ਨੂੰ ਭਾਜਪਾ ਦੇ ਨੇਤਾ ਵੱਲੋਂ ਦੇਸ਼ ਵਿਰੋਧੀ ਕਹਿਣਾ ਬਹੁਤ ਹੀ ਨਿੰਦਣਯੋਗ ਹੈ,ਸ਼ਾਇਦ ਭਾਜਪਾ ਨੂੰ ਪਤਾ ਨਹੀਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਅੱਜ ਤੱਕ ਆਜ਼ਾਦੀ ਨੂੰ ਕਾਇਮ ਰੱਖਣ ‘ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ, ਭਾਜਪਾ ਨੂੰ ਪੰਜਾਬੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਭਾਜਪਾ ਦੇ ਇਕ ਨੇਤਾ ‘ਤੇ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਦੇਸ਼ ਵਿਰੋਧੀ ਕਹਿਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਸ਼ਰਮਨਾਕ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਦੀ ਨਿੰਦਾ ਕੀਤੀ।

ਬਾਜਵਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿ ਰਹੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ। ਕੀ ਭਾਜਪਾ ਸਿੱਖਾਂ ਬਾਰੇ ਇਹੀ ਸੋਚਦੀ ਹੈ? ਇਹ ਗੁੰਡਾਗਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਿੱਖਾਂ ਨੂੰ ਖ਼ਾਲਿਸਤਾਨੀਆਂ ਵਜੋਂ ਪੇਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਲਿਖਿਆ ਜਸਪ੍ਰੀਤ ਸਿੰਘ ਦੇ ਚਰਿੱਤਰ ਦਾ ਜਾਣਬੁੱਝ ਕੇ ਕੀਤਾ ਗਿਆ ਕਤਲ ਅਤਿ ਨਿੰਦਣਯੋਗ ਹੈ। ਦੇਸ਼ ਅੰਦਰ ਅਜਿਹੀ ਸੋਚ ਰੱਖਣ ਵਾਲੇ ਆਗੂਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਆਜ਼ਾਦੀ ਅਤੇ ਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਲਿਖਿਆ- “ਸਿੱਖਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਸਗੋਂ ਉਹ ਜਾਣਦੇ ਹਨ ਕਿ ਕਿਵੇਂ ਆਪਣੀਆਂ ਰਵਾਇਤਾਂ ਅਤੇ ਰੀਤੀ-ਰਿਵਾਜ਼ਾਂ ਮੁਤਾਬਕ ਦੇਸ਼ ਦੀ ਸੇਵਾ ਕਰਨੀ ਹੈ। ਇਹ ਵੱਡਾ ਸਵਾਲ ਹੈ ਕਿ ਅਜਿਹੇ ਲੋਕ ਜਾਣਬੁੱਝ ਕੇ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕਰਦੇ ਹਨ ਪਰ ਸਰਕਾਰਾਂ ਚੁੱਪ ਰਹਿੰਦੀਆਂ ਹਨ। ਅਜਿਹਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਵੱਖ-ਵੱਖ ਖੇਤਰਾਂ ਵਿੱਚ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੇ ਲੋਕਾਂ ਨੂੰ ਅਜਿਹੀ ਨਫ਼ਰਤ ਦਾ ਸ਼ਿਕਾਰ ਨਾ ਹੋਣਾ ਪਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਕੁਝ ਸਥਾਨਕ ਲੋਕਾਂ ਵੱਲੋਂ ਨਫ਼ਰਤ ਨਸਲੀ ਟਿੱਪਣੀਆਂ ਕਰਨ ਦੀ ਘਟਨਾ ਅਤਿ ਨਿੰਦਣਯੋਗ ਹੈ। ਇਸ ਦੇਸ਼ ਦੀ ਏਕਤਾ, ਅਖੰਡਤਾ, ਸਭਿਆਚਾਰਕ, ਵਿਚਾਰਧਾਰਕ ਤੇ ਵਿਸ਼ਵਾਸਾਂ ਦੀ ਰੱਖਿਆ ਲਈ ਸਿੱਖ ਕੌਮ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਨੂੰ ਹਜ਼ਾਰਾਂ ਸਾਲਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਦਿਵਾਉਣ ਲਈ ਦਸ ਗੁਰੂ ਸਾਹਿਬਾਨ ਦੀ ਮਹਾਨ ਰੂਹਾਨੀ ਪ੍ਰੇਰਨਾ ਅਤੇ ਬਹਾਦਰ ਸਿੱਖ ਜਰਨੈਲਾਂ ਦੀ ਅਦੁੱਤੀ ਦੇਣ ਰਹੀ ਹੈ। ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਅਤੇ ਆਰਥਿਕ ਉੱਨਤੀ ਵਿਚ ਸਿੱਖਾਂ ਦਾ ਸਭ ਤੋਂ ਵੱਧ ਤੇ ਮਹੱਤਵਪੂਰਨ ਯੋਗਦਾਨ ਹੈ।

ਜਾਣੋ ਪੂਰਾ ਮਾਮਲਾ

ਪੱਛਮੀ ਬੰਗਾਲ ਵਿੱਚ ਇੱਕ ਆਈਪੀਐੱਸ ਅਫ਼ਸਰ ਨੇ ਇਲਜ਼ਾਮ ਲਾਇਆ ਹੈ। ਦਰਅਸ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਿਊਟੀ ਵੇਲੇ ਇੱਕ ਭਾਜਪਾ ਆਗੂ ਨੇ ‘ਖਾਲਿਸਤਾਨੀ’ ਕਿਹਾ ਹੈ। ਭਾਜਪਾ ਵੱਲੋਂ ਇਸ ਇਲਜ਼ਾਮ ਨੂੰ ਨਕਾਰਿਆ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕਾਂਗਰਸ ਵੱਲੋਂ ਇਸ ਮਸਲੇ ਉੱਤੇ ਭਾਜਪਾ ਦੀ ਨਿਖੇਧੀ ਕੀਤੀ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿੱਚ ਹਿੰਸਾ ਭੜਕੀ ਹੋਈ ਹੈ। ਇਹ ਹਿੰਸਾ ਟੀਐੱਮਸੀ ਦੇ ਆਗੂ ਸ਼ੇਖ ਸ਼ਾਹਜਹਾਂ ਉੱਪਰ ਇੱਕ ਔਰਤ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਮਗਰੋਂ ਭੜਕੀ ਸੀ ਜਿਸ ਤੋਂ ਬਾਅਦ ਭਾਜਪਾ ਆਗੂ ਤੇ ਵਰਕਰ ਲਗਾਤਾਰ ਟੀਐੱਮਸੀ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

20 ਫਰਵਰੀ ਨੂੰ ਵੀ ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਸੰਦੇਸ਼ਖਾਲੀ ਜਾ ਰਹੇ ਸਨ, ਜਿਸ ਦੌਰਾਨ ਭਾਜਪਾ ਵਰਕਰਾਂ ਤੇ ਪੁਲਿਸ ਅਧਿਕਾਰੀ ਵਿਚਾਲੇ ਬਹਿਸ ਹੋਣ ਦਾ ਇੱਕ ਵੀਡੀਓ ਸਾਹਮਣੇ ਆਇਆ। ਉਸ ਵੀਡੀਓ ਵਿੱਚ ਆਈਪੀਸੀਐਸ ਅਧਿਕਾਰੀ ਜਸਪ੍ਰੀਤ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਉਨ੍ਹਾਂ ਨੂੰ ਭਾਜਪਾ ਆਗੂ ਵੱਲੋਂ ਖਾਲਿਸਤਾਨੀ ਕਿਹਾ ਗਿਆ।