‘ ਦ ਖ਼ਾਲਸ ਬਿਊਰੋ : ਫਰਾਂਸ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਖ਼ਤ ਕੋਵਿਡ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਫਰਾਂਸ ਵਿੱਚ ਤਿੰਨ ਜਨਵਰੀ ਤੋਂ ਰਿਮੋਟ ਵਰਕਿੰਗ ਲਾਜ਼ਮੀ ਹੋ ਜਾਵੇਗੀ। ਇਹ ਉਨ੍ਹਾਂ ਸਾਰਿਆਂ ਉੱਤੇ ਲਾਗੂ ਹੋਵੇਗੀ ਜੋ ਰਿਮੋਟ ਵਰਕਿੰਗ ਕਰ ਸਕਦੇ ਹਨ। ਅੰਦਰੂਨੀ ਸਮਾਗਮਾਂ ਦੇ ਲਈ ਜਨਤਕ ਇਕੱਠ 2 ਹਜ਼ਾਰ ਲੋਕਾਂ ਦਾ ਹੀ ਹੋਵੇਗੀ।
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਫਰਾਂਸ ਵਿੱਚ 100 ਹਜ਼ਾਰ ਤੋਂ ਜ਼ਿਆਦਾ ਨਵੇਂ ਸੰਕਰਮਿਤ ਕੇਸ ਦਰਜ ਕੀਤੇ ਗਏ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਫਰਾਂਸ ਵਿੱਚ ਇਹ ਸਭ ਤੋਂ ਵੱਧ ਸੰਕਰਮਿਤ ਲੋਕਾਂ ਦੀ ਗਿਣਤੀ ਦਾ ਅੰਕੜਾ ਹੈ। ਪਰ ਇਸਦੇ ਬਾਵਜੂਦ ਵੀ ਸਰਕਾਰ ਨੇ ਨਵੇਂ ਸਾਲ ਦੀ ਸ਼ਾਮ ਨੂੰ ਕਰਫਿਊ ਨਾ ਲਗਾਉਣ ਦਾ ਫੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ ਜਿਆਂ ਕਾਸਟੈਕਸ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਮਹਾਂਮਾਰੀ “ਕਦੇ ਨਾ ਖਤਮ ਹੋਣ ਵਾਲੀ ਫਿਲਮ ਵਾਂਗ” ਹੈ। ਉਨ੍ਹਾਂ ਨੇ ਸੁਰੱਖਿਆ ਦੇ ਨਵੇਂ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਕਿਹਾ ਕਿ ਕਰੋਨਾਵਾਇਰਸ ਸੰਕਰਮਣ ਹਰ ਦੋ ਦਿਨਾਂ ਵਿੱਤ ਦੁੱਗਣੇ ਹੋ ਰਹੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਕਰੋਨਾ ਦੇ ਮੇਗਾ ਵੇਵ ਦੀ ਚਿਤਾਵਨੀ ਦਿੱਤੀ ਹੈ।
ਨਵੇਂ ਨਿਯਮਾਂ ਵਿੱਚ ਆਊਟਡੋਰ ਹੋਣ ਵਾਲੇ ਜਨਤਕ ਸਮਾਗਮਾਂ ਵਿੱਚ 5 ਹਜ਼ਾਰ ਲੋਕ ਹੀ ਸ਼ਾਮਿਲ ਹੋ ਸਕਣਗੇ। ਲੰਬੀ ਦੂਰੀ ਦੀ ਆਵਾਜਾਈ ਦੌਰਾਨ ਖਾਣ-ਪੀਣ ਦੀਆਂ ਸਹੂਲਤਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਅਗਲੇ ਹੁਕਮਾਂ ਤੱਕ ਨਾਈਟ ਕਲੱਬ ਬੰਦ ਰਹਿਣਗੇ ਅਤੇ ਕੈਫੇ ਤੇ ਬਾਰ ਵਿੱਚ ਸਿਰਫ਼ ਟੇਬਲ ਸਰਵਿਸ ਹੀ ਦਿੱਤੀ ਜਾ ਸਕਦੀ ਹੈ। ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਘਰ ਤੋਂ ਹੀ ਕੰਮ ਕਰਨਾ ਹੋਵੇਗਾ। ਸ਼ਹਿਰ ਵਿੱਚ ਘੁੰਮਦੇ ਸਮੇਂ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਰਕਾਰ ਨੇ ਆਖਰੀ ਟੀਕੇ ਦੇ ਚਾਰ ਮਹੀਨਿਆਂ ਬਾਅਦ ਬੂਸਟਰ ਲੈਣ ਦੀ ਮਿਆਦ ਨੂੰ ਛੋਟਾ ਕਰ ਦਿੱਤਾਹੈ ਅਤੇ ਹੁਣ ਤਿੰਨ ਮਹੀਨੇ ਬਾਅਦ ਹੀ ਬੂਸਟਰ ਦਿੱਤੇ ਜਾਣਗੇ।
ਜਾਣਕਾਰੀ ਮੁਤਾਬਕ ਫਰਾਂਸ ਵੈਕਸੀਨ ਪਾਸ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਜਨਤਕ ਥਾਂਵਾਂ ‘ਤੇ ਜਾਣ ਦੇ ਲਈ ਵੈਕਸੀਨ ਦੇ ਪ੍ਰਮਾਣ ਦੀ ਜ਼ਰੂਰਤ ਹੋਵੇਗੀ। ਜੇਕਰ ਸੰਸਦ ਵਿੱਚ ਇਸ ਡਰਾਫਟ ਬਿੱਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ ਵਿੱਚ 15 ਜਨਵਰੀ ਤੋਂ ਵੈਕਸੀਨ ਪਾਸ ਲਾਗੂ ਹੋ ਜਾਵੇਗਾ।