India

ਦਿੱਲੀ ‘ਚ ਪ੍ਰਦਰਸ਼ ਨਕਾਰੀ ਡਾਕਟਰ ਕੱਲ੍ਹ ਤੋਂ ਠੱਪ ਕਰਨਗੇ ਆਪਣਾ ਸਾਰਾ ਕੰਮ

‘ ਦ ਖ਼ਾਲਸ ਬਿਊਰੋ : ਦਿੱਲੀ ਵਿੱਚ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੀ ਪੁਲਿਸ ਦੇ ਨਾਲ ਹੋਈ ਝੜ ਪ ਤੋਂ ਬਾਅਦ ਡਾਕਟਰਾਂ ਦੀ ਸੰਸਥਾ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਦੇਰ ਰਾਤ ਐਸੋਸੀਏਸ਼ਨ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਉੱਤੇ ਕੀਤੇ ਗਏ ਬਲ ਪ੍ਰਯੋਗ ਦੇ ਖਿਲਾਫ਼ ਸੰਸਥਾ ਨੇ ਫੈਸਲਾ ਕੀਤਾ ਹੈ ਕਿ 29 ਦਸੰਬਰ ਨੂੰ ਸਵੇਰੇ ਅੱਠ ਵਜੇ ਤੋਂ ਹਰ ਤਰ੍ਹਾਂ ਦੀ ਸਿਹਤ ਸੇਵਾਵਾਂ ਤੋਂ ਡਾਕਟਰ ਖੁਦ ਨੂੰ ਅਲੱਗ ਕਰ ਲੈਣਗੇ, ਭਾਵ ਉਹ ਸਾਰਾ ਕੰਮ-ਕਾਰ ਛੱਡ ਦੇਣਗੇ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨੀਟ-ਪੀਜੀ 2021 ਕਾਊਂਸਲਿੰਗ ਵਿੱਚ ਦੇਰੀ ਨੂੰ ਲੈ ਕੇ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਰੈਜੀਡੈਂਟ ਡਾਕਟਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸੋਮਵਾਰ ਨੂੰ ਸੜਕ ‘ਤੇ ਪੁਲਿਸ ਅਤੇ ਡਾਕਟਰਾਂ ਵਿਚਾਲੇ ਝੜ ਪ ਹੋ ਗਈ। ਦਿੱਲੀ ਪੁਲਿਸ ਅਤੇ ਪ੍ਰਦਰਸ਼ਨਕਾਰੀ ਡਾਕਟਰਾਂ, ਦੋਵੇਂ ਪੱਖਾਂ ਦਾ ਦਾਅਵਾ ਹੈ ਕਿ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ। ਦਿੱਲੀ ਪੁਲਿਸ ਨੇ ਕਿਹਾ ਕਿ ਇਸ ਝੜ ਪ ਵਿੱਚ ਸੱਤ ਪੁਲਿਸਕਰਮੀ ਜ਼ਖ਼ਮੀ ਹੋਏ ਹਨ। ਉੱਧਰ ਦੂਜੇ ਪਾਸੇ ਕੁੱਝ ਵੀਡੀਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਪੁਲਿਸ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਉੱਤੇ ਬਲ ਪ੍ਰਯੋਗ ਕਰਦਿਆਂ ਜ਼ਬਰਦਸਤੀ ਉਨ੍ਹਾਂ ਨੂੰ ਗੱਡੀਆਂ ਵਿੱਚ ਬਿਠਾਉਂਦੀ ਹੋਈ ਨਜ਼ਰ ਆ ਰਹੀ ਹੈ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇੱਕ ਇਸ ਤਰ੍ਹਾਂ ਦੀ ਹੀ ਵੀਡੀਓ ਨੂੰ ਟਵੀਟ ਕਰਕੇ ਲਿਖਿਆ ਕਿ ਕਰੋਨਾ ਦੇ ਸਮੇਂ ਇਨ੍ਹਾਂ ਨੌਜਵਾਨ ਡਾਕਟਰਾਂ ਨੇ ਆਪਣਿਆਂ ਤੋਂ ਦੂਰ ਰਹਿ ਕੇ ਪੂਰੇ ਦੇਸ਼ ਦੇ ਨਾਗਰਿਕਾਂ ਦਾ ਸਾਥ ਦਿੱਤਾ। ਹੁਣ ਸਮਾਂ ਹੈ ਪੂਰਾ ਦੇਸ਼ ਡਾਕਟਰਾਂ ਦੇ ਨਾਲ ਖੜਾ ਹੋ ਕੇ ਇਨ੍ਹਾਂ ਉੱਤੇ ਪੁਲਿਸ ਬਲ ਪ੍ਰਯੋਗ ਕਰਨ ਵਾਲੇ ਅਤੇ ਇਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰਨ ਵਾਲੇ ਮੋਦੀ ਨੂੰ ਨੀਂਦ ਤੋਂ ਜਗਾਉਣ। ਡਾਕਟਰਾਂ ਨੂੰ ਝੂਠਾ ਪੀਆਰ ਨਹੀਂ, ਸਨਮਾਨ ਅਤੇ ਹੱਕ ਚਾਹੀਦੇ ਹਨ।

ਸੋਮਵਾਰ ਦੇਰ ਰਾਤ ਦਿੱਲੀ ਪੁਲਿਸ ਨੇ ਦੱਸਿਆ ਕਿ ਆਈਟੀਓ ‘ਤੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ‘ਤੇ ਪ੍ਰਦਰਸ਼ਨ ਦੌਰਾਨ ਪੁਲਿਸਕਰਮੀਆਂ ਦੀ ਡਿਊਟੀ ਵਿੱਚ ਉਲੰਘਣਾ ਅਤੇ ਸਰਵਜਨਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਧਾਰਾ 188 ਅਤੇ ਹੋਰ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।