Punjab

ਨਹੀਂ ਰਹੇ ਪੰਜਾਬ ਨੂੰ ਮਾਣ ਦਿਵਾਉਣ ਵਾਲੇ ਉਲੰਪੀਅਨ ਮੁੱਕੇਬਾਜ਼ ਕੌਰ ਸਿੰਘ

ਕੁਰੂਕਸ਼ੇਤਰ : ਮੁੱਕੇਬਾਜੀ ਵਿੱਚ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਕਰੋਸ਼ਨ ਕਰਨ ਵਾਲੇ ਅਰਜੁਨ ਅਵਾਰਡੀ ਅਤੇ ਪਦਮ ਸ਼੍ਰੀ ਮੁੱਕੇਬਾਜ਼ੀ  ਦਿੱਗਜ ਕੌਰ ਸਿੰਘ (74) ਦੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ ਤੇ ਇਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਸੀ ।

ਜ਼ਿਕਰਯੋਗ ਹੈ ਕਿ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਇੱਥੇ ਆਪਣੇ ਜੱਦੀ ਪਿੰਡ ਖਨਾਲ ਖੁਰਦ ਵਿਖੇ ਠਹਿਰੇ ਹੋਏ ਸਨ। ਅੰਤਰਰਾਸ਼ਟਰੀ ਮੁਕਾਬਲੇ ਜਿੱਤਣ ਤੋਂ ਇਲਾਵਾ, ਸਿੰਘ ਨੇ 1980 ਵਿੱਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਇੱਕ ਸ਼ੋਅ ਮੈਚ ਵੀ ਖੇਡਿਆ ਸੀਤੇ ਅਜਿਹਾ ਕਰਨ ਵਾਲੇ ਉਹ ਸਿਰਫ਼ ਇਕੋ ਇਕ ਭਾਰਤੀ ਸਨ।

ਉਹਨਾਂ ਦੇ ਮੁੱਕੇਬਾਜ਼ੀ ਦੇ ਸ਼ਾਨਦਾਰ ਕੈਰੀਅਰ ਦੀ ਸ਼ੁਰੂਆਤ  1971 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਹੋਈ ,ਜਦੋਂ  ਕੌਰ ਸਿੰਘ ਨੇ 1977 ਵਿੱਚ ਮੁੱਕੇਬਾਜ਼ੀ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।ਉਹਨਾਂ 1979 ਤੋਂ 1983 ਤੱਕ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤੇ।ਉਸ ਤੋਂ ਬਾਅਦ ਏਸ਼ੀਅਨ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਛੇ ਸੋਨ ਤਗਮੇ ਜਿੱਤੇ।

ਲਾਸ ਏਂਜਲਸ ਓਲੰਪਿਕ ਵਿੱਚ ਉਹਨਾਂ ਭਾਗ ਲਿਆ ਤੇ 2 ਮੁਕਾਬਲੇ ਜਿੱਤੇ, ਪਰ ਤੀਜਾ ਹਾਰ ਗਏ।

ਫੌਜ ਤੋਂ ਸੂਬੇਦਾਰ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ ਨਿਯੁਕਤ ਹੋਏ ਤੇ ਸੰਨ 1982 ਵਿੱਚ ਅਰਜੁਨ ਅਵਾਰਡ, 1983 ਵਿੱਚ ਪਦਮ ਸ਼੍ਰੀ ਅਤੇ 1988 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕੀਤਾ।

ਉਲੰਪੀਅਨ ਕੌਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਕਿਹਾ ਹੈ ਕਿ ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ ਨੇ  ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹੋਏ ਏਸ਼ੀਆ ਗੇਮਜ਼ ‘ਚ ਭਾਰਤ ਦਾ ਦਬਦਬਾ ਬਣਾ ਕੇ ਰੱਖਿਆ ਤੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ ਸੀ। ਮਾਨ ਨੇ ਪਰਮਾਤਮਾ ਅੱਗੇ ਅਰਦਾਸ ਵਿੱਛੜੀ ਰੂਹ ਨੂੰ ਚਰਨੀਂ ਲਾਉਣ ਦੀ ਅਰਦਾਸ ਤੇ ਮੁਸ਼ਕਲ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ ਦੀ ਗੱਲ ਵੀ ਕਹੀ ਹੈ।

ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਉਹਨਾਂ ਦੀ ਮੌਤ ਨੂੰ ਦੇਸ਼ ਦਾ ਬਹੁਤ ਵੱਡਾ ਨੁਕਸਾਨ ਦੱਸਿਆ ਹੈ। ਇੱਕ ਅਖਬਾਰ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਦੱਸਿਆ ਹੈ ਕਿ  ਅਧਿਕਾਰੀਆਂ ਨੂੰ ਉਸ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਲਿਆਉਣ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਜੀਵਨੀ ਨੂੰ ਸਕੂਲੀ ਬੱਚਿਆਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਸੀ।