India Punjab

ਅੱਜ ਹੋਵੇਗੀ ਅਸਾਮ ਦੀ ਜੇਲ੍ਹ ‘ਚ ਬੰਦ ਨੌਜਵਾਨਾਂ ਦੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ,SGPC ਨੇ ਕੀਤੇ ਇੰਤਜ਼ਾਮ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਪੰਜਾਬ ਤੋਂ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਤਹਿਤ ਕੇਂਦਰੀ ਜੇਲ੍ਹ, ਡਿਬਰੂਗੜ੍ਹ, ਅਸਮ ਵਿਚ ਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 27 ਅਪ੍ਰੈਲ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜੇਲ੍ਹ ਮੁਲਾਕਾਤਾਂ ਲਈ ਲੈ ਕੇ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਕੱਲ ਅੱਠ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਅੰਮ੍ਰਿਤਸਰ ਤੋਂ ਹਵਾਈ ਜਹਾਜ਼ ਰਾਹੀਂ ਅਸਾਮ ਲਈ ਰਵਾਨਾ ਹੋਏ। ਡਿਬਰੂਗੜ੍ਹ ਦੇ ਇਸ ਦੌਰੇ ਦੌਰਾਨ ਐਡਵੋਕੇਟ ਸਿਆਲਕਾ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਲੇਖਕ ਜਸਕਰਨ ਸਿੰਘ ਵੀ ਸਨ।

ਅਸਾਮ ਲਈ ਰਵਾਨਾ ਹੋਣ ਮੌਕੇ ਬੋਲਦਿਆਂ ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਪ੍ਰਵਾਨਗੀ ਲਈ ਗਈ ਸੀ, ਜਿਸ ਅਨੁਸਾਰ ਅੱਜ ਇਸ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਲ ਅੰਮ੍ਰਿਤਸਰ ਤੋਂ ਹਵਾਈ ਜਹਾਜ਼ ਰਾਹੀਂ ਰਵਾਨਾ ਹੋਣ ਤੋਂ ਬਾਅਦ ਅੱਜ ਸਵੇਰੇ ਦਿੱਲੀ ਤੋਂ ਅਸਾਮ ਲਈ ਫਲਾਈਟ ਰਵਾਨਾ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ 10 ਵਿਅਕਤੀਆਂ ਵਿੱਚੋਂ ਅੱਠ ਨਜ਼ਰਬੰਦਾਂ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖਹਿਰਾ, ਭਗਵੰਤ ਸਿੰਘ ਬਾਜੇਕੇ, ਬਸੰਤ ਸਿੰਘ, ਗੁਰਿੰਦਰਪਾਲ ਸਿੰਘ ਅਤੇ ਪੱਪਲਪ੍ਰੀਤ ਸਿੰਘ ਦੇ ਪਰਿਵਾਰ ਚੋਂ ਇੱਕ ਇੱਕ ਵਿਅਕਤੀ ਨੂੰ SGPC ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮਿਲਣ ਲਈ ਅਸਾਮ ਲਿਜਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐੱਨਐੱਸਏ ਤਹਿਤ ਨਜ਼ਰਬੰਦ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਸਿਆਲਕਾ ਨੂੰ ਕਾਨੂੰਨੀ ਟੀਮ ਬਣਾ ਕੇ ਜ਼ਿੰਮੇਵਾਰੀ ਸੌਂਪੀ ਸੀ, ਜਿਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਲੋੜੀਂਦੀ ਪ੍ਰਵਾਨਗੀ ਵੀ ਲਈ।