India

ਰਾਸ਼ਨ ਕਾਰਡ ‘ਤੇ ਸਰਨੇਮ ‘ਕੁੱਤਾ’ ਲਿਖਿਆ ਗਿਆ ਤਾਂ ਸ਼ਿਕਾਇਤਕਰਤਾ ਨੇ ਫਿਰ ਇਸ ਤਰ੍ਹਾਂ ਕੁੱਤਾ ਬਣ ਕੇ ਅਧਿਕਾਰੀਆਂ ਦੀ ਨੱਕ ‘ਚ ਦਮ ਕੀਤਾ

Ration card holder barking on officer

ਬਿਊਰੋ ਰਿਪੋਰਟ : ਰਾਸ਼ਨ ਕਾਰਡ,ਅਧਾਰ ਕਾਰਡ,ਪਾਸਪੋਰਟ, ਡਰਾਇਵਿੰਗ ਲਾਇਸੈਂਸ, ਇਹ ਉਹ ਦਸਤਾਵੇਜ਼ ਹਨ ਜੋ ਸਾਡੀ ਪੱਛਾਣ ‘ਤੇ ਮੋਹਰ ਲਗਾਉਂਦੇ ਹਨ । ਅਕਸਰ ਵੇਖਿਆ ਗਿਆ ਹੈ ਕਿ ਇਹ ਦਸਤਾਵੇਜ਼ ਜਦੋਂ ਬਣ ਕੇ ਆਉਂਦੇ ਹਨ ਤਾਂ ਕਈ ਵਾਰ ਨਾਂ ਦੇ ਸਪੈਲਿੰਗ ਜਾਂ ਫਿਰ ਸਰਨੇਮ ਵਿੱਚ ਗਲਤੀ ਹੋ ਜਾਂਦੀ ਹੈ । ਜਿਸ ਨੂੰ ਠੀਕ ਕਰਵਾਉਣ ਦੇ ਲਈ ਮੁੜ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ । ਪਰ ਪੱਛਮੀ ਬੰਗਾਲ ਦੇ ਇਕ ਸ਼ਖ਼ਸ ਦੇ ਨਾਲ ਬਹੁਤ ਹੀ ਅਜੀਬ ਹੋਇਆ ਜਿਸ ਦਾ ਵਿਰੋਧ ਵੀ ਉਨ੍ਹਾਂ ਨੇ ਵਖਰੇ ਅੰਦਾਜ਼ ਵਿੱਚ ਕੀਤਾ । ਦਰਾਸਲ 40 ਸਾਲ ਦੇ ਸ੍ਰੀਕਾਂਤ ਦੱਤਾ ਦਾ ਜਦੋਂ ਰਾਸ਼ਨ ਕਾਰਡ ਬਣ ਕੇ ਆਇਆ ਤਾਂ ਉਸ ਵਿੱਚ ਉਨ੍ਹਾਂ ਦੇ ਨਾਂ ਸ਼੍ਰੀਕਾਂਤ ਦੇ ਅੱਗੇ ‘ਦੱਤਾ ਦੀ ਥਾਂ ਕੁੱਤਾ’ ਲਿਖਿਆ ਹੋਇਆ ਸੀ। ਦੱਤਾ ਪਹਿਲਾਂ ਹੀ 2 ਵਾਰ ਸਰਕਾਰੀ ਦਫ਼ਤਰ ਵਿੱਚ ਜਾਕੇ ਆਪਣਾ ਨਾਂ ਠੀਕ ਕਰਵਾ ਚੁੱਕੇ ਸਨ ਪਰ ਤੀਜੀ ਵਾਰ ਜਦੋਂ ਉਨ੍ਹਾਂ ਦਾ ਰਾਸ਼ਨ ਕਾਰਡ ਆਇਆ ਨਾਂ ਦੇ ਸਰਨੇਮ ਵਿੱਚ ਦੱਤਾ ਦੀ ਥਾਂ ਕੁੱਤਾ ਲਿਖਿਆ ਹੋਇਆ ਮਿਲਿਆ ਤਾਂ ਉਨ੍ਹਾਂ ਦਾ ਗੁੱਸੇ ਵਿੱਚ ਆਉਣਾ ਜਾਇਜ਼ ਸੀ । ਉਨ੍ਹਾਂ ਨੇ ਫਿਰ ਕੁੱਤੇ ਦੇ ਅੰਦਾਜ਼ ਵਿੱਚ ਹੀ ਅਫ਼ਸਰਾਂ ਦੀ ਨੱਕ ਵਿੱਚ ਦਮ ਕਰ ਦਿੱਤਾ।

ਸ਼੍ਰੀਕਾਂਤ ਦੱਤਾ ਬਲਾਕ ਡਵੈਲਪਮੈਂਟ ਆਫਿਸਰ ਨੂੰ ਆਪਣੀ ਸ਼ਿਕਾਇਤ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਕਾਰ ਵਿੱਚ ਬੈਠੇ BDO ਨੂੰ ਅਰਜ਼ੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ । ਫਿਰ ਨਰਾਜ਼ ਸ੍ਰੀਕਾਂਤ ਨੇ ਵਿਰੋਧ ਜਤਾਉਣ ਦੇ ਲਈ BDO ਦੀ ਗੱਡੀ ਦੇ ਨਾਲ ਭੱਜ ਦੇ ਹੋਏ ਕੁੱਤੇ ਵਾਂਗ ਭੌਕਣ ਦੀ ਐਕਟਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਫਸਰ ਪਰੇਸ਼ਾਨ ਹੋ ਗਿਆ ਅਤੇ ਵਿਭਾਗ ਨੂੰ ਫੌਰਨ ਸ੍ਰੀਕਾਂਤ ਦੱਤਾ ਦੇ ਨਾਂ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ । ਹੁਣ ਸ੍ਰੀਕਾਂਤ ਦਾ ਸਰਨੇਮ ਸਹੀ ਕਰ ਦਿੱਤਾ ਗਿਆ ਹੈ । ਪਰ ਸ੍ਰੀਕਾਂਤ ਦਾ ਅਧਿਕਾਰੀਆਂ ਨੂੰ ਸਬਕ ਸਿਖਾਉਣ ਦਾ ਇਹ ਅੰਦਾਜ਼ ਕਾਫੀ ਵਾਇਰਲ ਹੋ ਰਿਹਾ ਹੈ । ਸ਼੍ਰੀਕਾਂਤ ਨੇ ਕਿਹਾ ਇਸ ਤੋਂ ਪਹਿਲਾਂ ਵੀ ਉਹ 2 ਵਾਰ ਆਪਣਾ ਨਾਂ ਠੀਕ ਕਰਵਾ ਚੁੱਕਾ ਸੀ । ਵਾਰ-ਵਾਰ ਸਰਕਾਰੀ ਦਫਤਰ ਵਿੱਚ ਚੱਕਰ ਕੱਟਣ ਦੀ ਵਜ੍ਹਾ ਕਰਕੇ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਏ ਸਨ।