ਬਿਊਰੋ ਰਿਪੋਰਟ : ਜਲੰਧਰ ਵਿੱਚ ਸਤਲੁਜ ਨਦੀ ਦੇ ਪਾਣੀ ਦੇ ਨਾਲ ਇਨ੍ਹਾਂ ਨੁਕਸਾਨ ਨਹੀਂ ਹੋਣਾ ਸੀ, ਜੇਕਰ ਸਮਾਂ ਰਹਿੰਦੇ ਹੋਏ ਅਧਿਕਾਰੀਆਂ ਨੇ ਰਾਜ ਸਭਾ ਐੱਮ ਪੀ ਬਲਬੀਰ ਸਿੰਘ ਸੀਚੇਵਾਲ ਦੀ ਗੱਲ ਮੰਨ ਲਈ ਹੁੰਦੀ । ਉਨ੍ਹਾਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ 11 ਕਰੋੜ ਦੇ ਚੱਕਰ ਵਿੱਚ 1100 ਕਰੋੜ ਦਾ ਨੁਕਸਾਨ ਕਰਵਾ ਲੈਣਾ। ਦਰਅਸਲ ਸਤਲੁਜ ਨਦੀ ਦੇ ਨਾਲ ਲੱਗ ਦੇ ਸ਼ਾਹਕੋਟ ਵਿੱਚ ਗਿਦੜਪਿੰਡੀ ਰੇਲਵੇ ਸਟੇਸ਼ਨ ਪੁਲ ਦੇ ਹੇਠਾਂ ਸਮੇਂ ਰਹਿੰਦੇ ਵਿਭਾਗ ਨੇ ਸਫ਼ਾਈ ਨਹੀਂ ਕੀਤੀ । ਜਿਸ ਦੀ ਵਜ੍ਹਾ ਕਰ ਕੇ ਮੰਡਾਲਾ ਅਤੇ ਧੁੱਸੀ ਬੰਨ੍ਹ ਟੁੱਟ ਗਿਆ । ਜਿਸ ਦੀ ਵਜ੍ਹਾ ਕਰ ਕੇ 50 ਪਿੰਡ ਅਤੇ ਖੇਤ ਪਾਣੀ ਵਿੱਚ ਪੂਰੀ ਤਰ੍ਹਾਂ ਨਾ ਡੁੱਬ ਗਏ । ਗਿਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਗਾਦ ਨਹੀਂ ਕੱਢੀ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਲੋਕਾਂ ਨੂੰ ਨੁਕਸਾਨ ਹੋਇਆ । ਇਸ ਦੀ ਸਫ਼ਾਈ ਦੇ ਲਈ ਰਾਜ ਸਭਾ ਦੇ ਐੱਮ ਪੀ ਸੰਤ ਸੀਚੇਵਾਲ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ ਅਤੇ ਪੱਤਰ ਲਿਖ ਕੇ ਚਿਤਾਵਨੀ ਵੀ ਦਿੱਤੀ ਸੀ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਦਾ ਨਤੀਜਾ ਸਾਹਮਣੇ ਹੈ ।
ਸੰਤ ਸੀਚੇਵਾਲ ਦੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ । ਜਿਸ ਵਿੱਚ ਸਾਫ਼ ਸਫ਼ਾਈ ਦੇ ਲਈ ਅਧਿਕਾਰੀਆਂ 11 ਕਰੋੜ ਦੀ ਮੰਗ ਕਰ ਰਹੇ ਸਨ । ਪਰ ਸੰਤ ਸੀਚੇਵਾਲ ਨੇ ਉਨ੍ਹਾਂ ਨੂੰ ਸਮਝਾਇਆ ਕਿ 11 ਕਰੋੜ ਦੇ ਚੱਕਰ ਵਿੱਚ 1100 ਕਰੋੜ ਦਾ ਨੁਕਸਾਨ ਨਾ ਕਰ ਲੈਣ । ਨਾਲ ਹੀ ਉਹ ਵਿਭਾਗ ਨੂੰ ਕਹਿ ਰਹੇ ਸਨ ਕਿ ਨਦੀ ਨਾਲ ਨਿਕਲਣ ਵਾਲੀ ਮਿੱਟੀ ਨੂੰ ਉਹ ਚੁੱਕਣ ਦੀ ਤਿਆਰੀ ਕਰਨ । ਉਹ ਮਿੱਟੀ ਨੂੰ ਆਪਣੇ ਹਿਸਾਬ ਨਾਲ ਵਰਤ ਲੈਣਗੇ । ਪਰ ਵਿਭਾਗ ਪਹਿਲਾਂ ਹਰ ਹਾਲ ਵਿੱਚ ਗਿਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਤੋਂ ਸਫ਼ਾਈ ਦਾ ਕੰਮ ਕਰਵਾਉਣ।
ਸਿਰਫ਼ 3 ਚੈਨਲ ਚੱਲ ਰਹੇ ਹਨ ।
ਵਾਟਰ ਰਿਸੋਰਸ ਐਂਡ ਵਾਟਰ ਡਰੇਨੇਜ ਵਿਭਾਗ ਦੇ ਰਿਕਾਰਡ ਮੁਤਾਬਕ ਅਧਿਕਾਰੀਆਂ ਨੂੰ ਇਹ ਪਤਾ ਸੀ ਕਿ ਗਿਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਤੋਂ ਗੁਜ਼ਰਨ ਵਾਲੇ 21 ਚੈਨਲਾਂ ਵਿੱਚ ਸਿਰਫ਼ 3 ਹੀ ਚਾਲੂ ਹਨ । ਬਾਕੀ ਮਲਬੇ ਵਿੱਚ ਦੱਬੇ ਹੋਏ ਸੀ । ਜ਼ਿਆਦਾਤਰ ਚੈਨਲਾਂ ਦੇ ਅੱਗੇ ਗਾਦ ਦੇ 12 ਤੋਂ 13 ਫੁੱਟ ਉੱਚੇ ਢੇਰ ਜਮਾ ਸੀ । ਜਿਸ ਦੀ ਵਜ੍ਹਾ ਕਰ ਕੇ ਪਾਣੀ ਦਾ ਪ੍ਰਵਾਹ ਰੁਕਿਆ ਹੋਇਆ ਸੀ ।
ਸਤਲੁਜ ਵਿੱਚ ਜਿਵੇਂ ਹੀ ਪਿੱਛੋਂ ਪਾਣੀ ਆਇਆ ਤਾਂ ਪੁਲ ਦੇ ਹੇਠਾਂ ਤੋਂ ਪਾਣੀ ਦੇ ਨਿਕਲਣ ਵਿੱਚ ਮੁਸ਼ਕਲ ਹੋਈ । ਰਸਤਾ ਛੋਟਾ ਹੋਣ ਦੀ ਵਜ੍ਹਾ ਕਰ ਕੇ ਪਾਣੀ ਨੇ ਰਫ਼ਤਾਰ ਫੜ ਲਈ ਅਤੇ ਇਸ ਨਾਲ ਮੰਡਾਲਾ ਅਤੇ ਧੁੱਸੀ ਬੰਨ੍ਹ ਟੁੱਟ ਗਿਆ । ਇਸ ਧੁੱਸੀ ਬੰਨ੍ਹ ਨੇ ਸਾਰੇ ਪਿੰਡਾਂ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਹੜ੍ਹ ਲਿਆ ਦਿੱਤਾ ।
2019 ਤੋਂ ਸਬਕ ਨਹੀਂ ਸਿੱਖਿਆ
ਸਾਲ 2019 ਵਿੱਚ ਵੀ ਇਸੇ ਤਰ੍ਹਾਂ ਹੜ੍ਹ ਆਇਆ ਸੀ। ਉਸ ਵੇਲੇ ਹਾਲਾਤ ਤਕਰੀਬਨ ਇਸੇ ਤਰ੍ਹਾਂ ਸਨ। 2019 ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਨਾਲ ਤਕਰੀਬਨ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ । ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਤਬਾਹੀ ਮੱਚੀ ਸੀ। ਤਿੰਨ ਸਾਲ ਬਾਅਦ ਫਿਰ ਉਹ ਹਾਲ ਹੈ,ਸਰਕਾਰ ਅਤੇ ਅਧਿਕਾਰੀਆਂ ਨੇ 2019 ਵਿੱਚ ਆਏ ਹੜ੍ਹਾਂ ਤੋਂ ਕੁੱਝ ਨਹੀਂ ਸਿੱਖਿਆ ਹੈ। ਜੇਕਰ ਸਮੇਂ ਰਹਿੰਦੇ ਵਾਟਰ ਰਿਸੋਰਸ ਐਂਡ ਵਾਟਰ ਡਰੇਨੇਜ ਵਿਭਾਗ ਨੇ ਪੁਲ ਦੇ ਹੇਠਾਂ ਸਫ਼ਾਈ ਦਾ ਕੰਮ ਕੀਤਾ ਹੁੰਦਾ ਤਾਂ ਅੱਜ ਇਹ ਹਾਲ ਨਹੀਂ ਹੋਣਾ ਸੀ ।