Punjab

ਕਪੂਰਥਲਾ ਜੇਲ੍ਹ ਮੁੜ ਸਵਾਲਾਂ ਵਿੱਚ ! ਸਿੱਖ ਕੈਦੀ ਦਾ ਨਾਲ ਹੋਇਆ ਬਹੁਤ ਮਾੜਾ !

ਬਿਊਰੋ ਰਿਪੋਰਟ : ਪੰਜਾਬ ਦੀ ਜੇਲ੍ਹ ਵਿੱਚ ਇੱਕ ਵਾਰ ਮੁੜ ਤੋਂ ਗੈਂਗਵਾਰ ਦੀ ਵਾਰਦਾਤ ਸਾਹਮਣੇ ਆਈ ਹੈ । ਕਪੂਰਥਲਾ ਦੀ ਮਾਡਲ ਜੇਲ੍ਹ ਵਿੱਚ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਗੈਂਗਵਾਰ ਦੇ ਮਾਮਲੇ ਵਿੱਚ ਇੱਕ ਹਵਾਲਾਤੀ ਦੀ ਮੌਤ ਹੋਈ ਹੈ। ਜਿਸ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਕੋਤਵਾਲੀ ਪੁਲਿਸ ਨੇ 7 ਕੈਦੀਆਂ ਅਤੇ 16 ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜੇਲ੍ਹ ਐਕਟ,ਕੁੱਟਮਾਰ ਸਮੇਤ ਹੋਰ ਧਾਰਾਵਾਂ ਜੋੜੀਆਂ ਹਨ। ਥਾਣਾ ਕੋਤਵਾਲੀ ਦੀ ਪੁਲਿਸ ਨੇ ਸਿਵਲ ਹਸਪਤਾਲ ਵਿੱਚ 3 ਜ਼ਖ਼ਮੀ ਹਵਾਲਾਤੀਆਂ ਦੇ ਬਿਆਨ ਦਰਜ ਕੀਤੇ ਹਨ । ਉੱਧਰ ਜੇਲ੍ਹ ਦੇ ਸੁਰੱਖਿਆ ਵਾਰਡ ਅਤੇ 3 ਬੈਰਕਾਂ ਦੇ ਕੋਲ ਲੱਗੇ CCTV ਫੁੱਟ ਖੰਘਾਲੇ ਜਾ ਰਹੇ ਹਨ ।

ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਿਨਟੈਂਡੰਟ ਹੇਮੰਤ ਸ਼ਰਮਾ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਜੇਲ੍ਹ ਵਿੱਚ ਕੰਟਰੋਲ ਰੂਮ ਦੀ ਡਿਊਟੀ ‘ਤੇ ਤਾਇਨਾਤ ਵਾਰਡਨ ਪੂਰਨ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਬੈਰਕ ਨੰਬਰ 6,7, ਅਤੇ 8 ਵਿੱਚ ਬੰਦ ਹਵਾਲਾਤੀ ਅਤੇ ਉਨ੍ਹਾਂ ਦੇ ਸਾਥੀ ਇਕੱਠੇ ਹੋਕੇ ਸੁਰੱਖਿਆ ਵਾਰਡ E ਦੀ ਚੱਕੀ ਨੰਬਰ 17 ਵਿੱਚ ਬੰਦ 28 ਸਾਲਾ ਹਵਾਲਾਤੀ ਸਿਮਰਨਜੀਤ ਸਿੰਘ ਉਰਫ਼ ਸਿਮਰ ਨਿਵਾਸੀ ਧੀਰਪੁਰ ਥਾਣਾ ਕਰਤਾਰਪੁਰ ‘ਤੇ ਪੁਰਾਣੀ ਰੰਜਸ਼ ਦੇ ਚੱਲਦੇ ਹਮਲਾ ਕਰਨ ਦੇ ਲਈ ਸੁਰੱਖਿਆ ਦਸਤੇ ਅਤੇ ਫੇਸ 2 ਦੇ ਗੇਟ ਤੇ ਇਕੱਠੇ ਹੋ ਗਏ ਹਨ ।

ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਹੱਥਾਂ ਵਿੱਚ ਲੋਹੇ ਦੀ ਰਾਡ ਸੀ ਜਿਸ ਦੇ ਜ਼ਰੀਏ ਇਨ੍ਹਾਂ ਨੇ ਚੱਕੀ ਵਿੱਚ ਬੰਦ ਸਿਮਰਨਜੀਤ ਸਿੰਘ ‘ਤੇ ਹਮਲਾ ਕਰ ਦਿੱਤਾ। 4 ਜ਼ਖ਼ਮੀ ਹਵਾਲਾਤੀਆਂ ਨੂੰ ਫ਼ੌਰਨ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸਿਮਰਨਜੀਤ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਸੀ ਪਰ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ । ਥਾਣਾ ਕੋਤਵਾਲੀ SHO ਰਮਨ ਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਨੇ ਕਤਲ ਵਿੱਚ ਵਰਤੇ ਜਾਣ ਵਾਲੇ 5 ਲੋਹੇ ਦੀਆਂ ਰਾਡਾਂ ਨੂੰ ਬਰਾਮਦ ਕਰ ਲਿਆ ਹੈ। CCTV ਫੁਟੇਜ ਖੰਘਾਲੀ ਜਾ ਰਹੀ ਹੈ।