India

ਬੱਸ ਫਲਾਈਓਵਰ ਤੋਂ ਡਿੱਗਣ ਨਾਲ ਵੱਡਾ ਹਾਦਸਾ, 5 ਮੌਤਾਂ, 40 ਜ਼ਖ਼ਮੀ

ਓਡੀਸ਼ਾ ਦੇ ਜ਼ਿਲ੍ਹਾ ਜਾਜਪੁਰ ਵਿੱਚ ਬੀਤੀ ਸ਼ਾਮ (15 ਅਪ੍ਰੈਲ) ਇੱਕ ਵੱਡਾ ਬੱਸ ਹਾਦਸਾ ਵਾਪਰਿਆ। ਕੋਲਕਾਤਾ ਜਾ ਰਹੀ ਇੱਕ ਬੱਸ ਜਾਜਪੁਰ ਜ਼ਿਲ੍ਹੇ ਵਿੱਚ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸਾ ਕਿਸ ਕਾਰਨ ਹੋਇਆ, ਫਿਲਹਾਲ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਹਾਦਸੇ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਬਾਰੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਰਾਸ਼ਟਰੀ ਰਾਜਮਾਰਗ-16 ਦੇ ਬਾਰਾਬਤੀ ਪੁਲ ‘ਤੇ ਰਾਤ ਕਰੀਬ 9 ਵਜੇ ਇਹ ਹਾਦਸਾ ਵਾਪਰਿਆ। ਬੱਸ ਵਿੱਚ 50 ਯਾਤਰੀ ਸਵਾਰ ਸਨ। ਇਸੇ ਦੌਰਾਨ ਬੱਸ ਫਲਾਈਓਵਰ ਤੋਂ ਡਿੱਗ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਕੀਤੇ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਧਰਮਸ਼ਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਤਪਨ ਕੁਮਾਰ ਨਾਇਕ ਨੇ ਦੱਸਿਆ, ”ਹਾਦਸੇ ‘ਚ ਚਾਰ ਆਦਮੀ ਤੇ ਇੱਕ ਔਰਤ ਦੀ ਮੌਤ ਹੋਈ ਹੈ। ਕਰੀਬ 40 ਲੋਕ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਵਿੱਚੋਂ 30 ਨੂੰ ਕਟਕ ਦੇ ਐਸਸੀਬੀ ਮੈਡੀਕਲ ਕਾਲਜ ਹਸਪਤਾਲ ਵਿੱਚ ਲਿਜਾਇਆ ਗਿਆ ਹੈ।