ਆਦਮਪੁਰ ਹਵਾਈ ਅੱਡੇ ‘ਤੇ “ਆਵਸਰ” ਨਾਮਕ ਦੋ ਆਊਟਲੈੱਟ ਖੋਲ੍ਹੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਔਰਤਾਂ, ਸਵੈ-ਸਹਾਇਤਾ ਸਮੂਹਾਂ ਅਤੇ ਸਥਾਨਕ ਕਾਰੀਗਰਾਂ ਨੂੰ ਆਪਣੀ ਪ੍ਰਤਿਭਾ ਅਤੇ ਸਵਦੇਸ਼ੀ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਇਸ ਪਹਿਲਕਦਮੀ ਦਾ ਉਦੇਸ਼ “ਇੱਕ ਹਵਾਈ ਅੱਡਾ, ਇੱਕ ਉਤਪਾਦ” ਨੀਤੀ ਦੇ ਤਹਿਤ ਪੇਂਡੂ ਅਤੇ ਰਵਾਇਤੀ ਕਲਾ ਰੂਪਾਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਯੋਜਨਾ ਦੇ ਤਹਿਤ, ਦੇਸ਼ ਭਰ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ 200 ਵਰਗ ਫੁੱਟ ਤੱਕ ਦੇ ਆਊਟਲੈੱਟ ਮਹਿਲਾ ਉੱਦਮੀਆਂ ਅਤੇ ਕਾਰੀਗਰਾਂ ਨੂੰ ਇੱਕ ਮਹੀਨੇ ਲਈ ਛੋਟ ਵਾਲੇ ਕਿਰਾਏ ‘ਤੇ ਉਪਲਬਧ ਕਰਵਾਏ ਜਾ ਰਹੇ ਹਨ। ਜੇਕਰ ਲੋੜ ਹੋਵੇ ਤਾਂ ਕਿਰਾਏ ਦੀ ਮਿਆਦ ਇੱਕ ਮਹੀਨੇ ਹੋਰ ਵਧਾਈ ਜਾ ਸਕਦੀ ਹੈ।
ਆਦਮਪੁਰ ਹਵਾਈ ਅੱਡੇ ਦੇ ਡਾਇਰੈਕਟਰ ਨੇ ਦੱਸਿਆ ਕਿ ਅਵਸਰ ਦੇ ਦੋ ਆਊਟਲੈੱਟ ਖੋਲ੍ਹੇ ਗਏ ਹਨ, ਜਿਨ੍ਹਾਂ ਨੂੰ 50 ਪ੍ਰਤੀਸ਼ਤ ਕਿਰਾਏ ਦੀ ਛੋਟ ‘ਤੇ ਅਲਾਟ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਵਿਅਕਤੀ ਏਅਰਪੋਰਟ ਡਾਇਰੈਕਟਰ ਦੇ ਦਫ਼ਤਰ ਤੋਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਏਅਰਪੋਰਟ ਅਥਾਰਟੀ ਦੇ ਅਧਿਕਾਰੀ ਅਮਿਤ ਕੁਮਾਰ (ਸਹਾਇਕ ਜਨਰਲ ਮੈਨੇਜਰ, ਸਿਵਲ), ਸੂਰਜ ਯਾਦਵ (ਮੈਨੇਜਰ, ਇਲੈਕਟ੍ਰੀਕਲ), ਸੂਰਿਆ ਪ੍ਰਤਾਪ ਸਿੰਘ (ਜੇਈ, ਓਪਰੇਸ਼ਨ), ਮੁੱਖ ਸੁਰੱਖਿਆ ਅਧਿਕਾਰੀ ਮੋਹਨ ਪਵਾਰ ਅਤੇ ਪੰਜਾਬ ਪੁਲਿਸ ਤੋਂ ਡੀਐਸਪੀ ਜਸਵੰਤ ਕੌਰ ਇਸ ਮੌਕੇ ਮੌਜੂਦ ਸਨ।