Punjab

ਆਦਮਪੁਰ ਏਅਰਪੋਰਟ ਤੋਂ ਜਲਦ ਹੀ ਸ਼ੁਰੂ ਹੋਵੇਗੀ ਘਰੇਲੂ ਉਡਾਣ

Domestic flight will start from Adampur airport soon

ਜਲੰਧਰ ਸਥਿਤ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਇਸ ਸਬੰਧੀ ਸੋਮਵਾਰ ਨੂੰ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਡੀ ਸੀ ਵਿਸ਼ੇਸ਼ ਸਾਰੰਗਲ ਦੇ ਨਾਲ ਆਦਮਪੁਰ ਸਿਵਲ ਏਅਰਪੋਰਟ ਦੇ ਨਵੇਂ ਬਣੇ ਟਰਮੀਨਲ ਦਾ ਨਿਰੀਖਣ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ- ਟਰਮੀਨਲ ਤਿਆਰ ਹੈ ਅਤੇ ਆਉਣ ਵਾਲੇ ਮਹੀਨੇ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋ ਜਾਣਗੀਆਂ।

ਦੱਸ ਦੇਈਏ ਕਿ ਕੱਲ੍ਹ ਸੰਸਦ ਮੈਂਬਰ ਰਿੰਕੂ ਨੇ ਆਦਮਪੁਰ ਤੋਂ ਉਡਾਣ ਨੂੰ ਲੈ ਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਵੀ ਮੁਲਾਕਾਤ ਕੀਤੀ ਸੀ। ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਦੋਆਬਾ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਇਸ ਨਾਲ ਪ੍ਰਵਾਸੀ ਭਾਰਤੀਆਂ ਦਾ ਇੱਥੇ ਆਪਣੇ ਪਰਿਵਾਰਾਂ ਨਾਲ ਜੁੜੇ ਰਹਿਣ ਲਈ ਸਮਾਂ, ਪੈਸਾ ਅਤੇ ਊਰਜਾ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਨਵੇਂ ਟਰਮੀਨਲ ਅਤੇ ਫਲਾਈਟ ਸੰਚਾਲਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।

ਐੱਮ ਪੀ ਰਿੰਕੂ ਨੇ ਕਿਹਾ ਕਿ ਹਵਾਈ ਸੰਪਰਕ ਦੋਆਬਾ ਖੇਤਰ ਵਿੱਚ ਉਦਯੋਗਿਕ ਵਿਕਾਸ, ਨਿਰਯਾਤ, ਰੁਜ਼ਗਾਰ, ਰੀਅਲ ਅਸਟੇਟ ਅਤੇ ਹੋਰ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ। ਇਸ ਤੋਂ ਪਹਿਲਾਂ ਰਿੰਕੂ ਨੇ ਪਹੁੰਚ ਸੜਕ ਨੂੰ ਚਾਰ-ਮਾਰਗੀ ਕਰਨ ਦੇ ਚੱਲ ਰਹੇ ਕੰਮ ਦਾ ਵੀ ਨਿਰੀਖਣ ਕੀਤਾ, ਜੋ ਹਵਾਈ ਅੱਡੇ ਨੂੰ ਸਿੱਧੇ ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਫ਼ੇਜ਼-1 ਅਧੀਨ 4.30 ਕਿੱਲੋਮੀਟਰ ਲੰਬੀ ਸੜਕ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਅਗਲੇ ਮਹੀਨੇ ਤੱਕ ਇਹ ਬਣ ਕੇ ਤਿਆਰ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰਾਜੈਕਟ ਲਈ 41 ਕਰੋੜ ਰੁਪਏ ਵਿੱਚੋਂ 21 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਰੇਲ ਮੰਤਰੀ ਨੂੰ ਮਿਲ ਕੇ ਇਸ ਸੈਕਸ਼ਨ ‘ਤੇ ਪੈਂਦੇ ਰੇਲਵੇ ਕਰਾਸਿੰਗ ‘ਤੇ ਆਰ.ਓ.ਬੀ. ਬਣਾਉਣ ਲਈ ਬੇਨਤੀ ਕਰਨਗੇ। ਹਵਾਈ ਅੱਡੇ ‘ਤੇ ਐੱਮ.ਪੀ., ਡੀ.ਸੀ., ਐੱਸ.ਡੀ.ਐੱਮ ਡਾ. ਜੈ ਇੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਬੀ.ਐੱਸ. ਤੁਲੀ ਅਤੇ ਅਧਿਕਾਰੀ ਵੀ ਮੌਜੂਦ ਸਨ।