India

NEET ਵਿਵਾਦ ਦੇ ਚੱਲਦਿਆਂ NTA ਵੱਲੋਂ ਇੱਕ ਹੋਰ ਵੱਡੀ ਪ੍ਰੀਖਿਆ ਮੁਲਤਵੀ

NEET ਵਿਵਾਦ ਦੇ ਚੱਲਦਿਆਂ ਹੁਣ CSIR-UGC-NET ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਪ੍ਰੀਖਿਆ 25 ਤੋਂ 27 ਜੂਨ ਦਰਮਿਆਨ ਹੋਣੀ ਸੀ ਪਰ ਹੁਣ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਹ ਪ੍ਰੀਖਿਆ ਵੀ NTA ਵੱਲੋਂ ਕਰਵਾਈ ਜਾਂਦੀ ਹੈ, ਜੋ ਫਿਲਹਾਲ ਵਿਵਾਦਾਂ ਵਿੱਚ ਘਿਰੀ ਹੋਈ ਹੈ ਤੇ ਜਿਸ ’ਤੇ ਕਈ ਗੰਭੀਰ ਦੋਸ਼ ਲਾਏ ਜਾ ਰਹੇ ਹਨ। NTA ’ਤੇ ਚੱਲ ਰਹੇ NEET ਵਿਵਾਦ ’ਚ ਕਥਿਤ ਧਾਂਦਲੀ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦੌਰਾਨ ਇਕ ਹੋਰ ਪ੍ਰੀਖਿਆ ਮੁਲਤਵੀ ਹੋਣ ਕਾਰਨ ਵਿਦਿਆਰਥੀ ਕਾਫੀ ਨਾਰਾਜ਼ ਹਨ।

ਕਿਉਂ ਮੁਲਤਵੀ ਕੀਤੀ ਗਈ CSIR-UGC-NET ਪ੍ਰੀਖਿਆ?

ਐਨਟੀਏ ਨੇ ਆਪਣੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕੁਝ ਸਾਧਨਾਂ ਦੀ ਘਾਟ ਕਾਰਨ ਇਸ ਪ੍ਰੀਖਿਆ ਨੂੰ ਥੋੜ੍ਹੇ ਸਮੇਂ ਲਈ ਮੁਲਤਵੀ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿਹਾ ਗਿਆ ਹੈ ਕਿ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ, ਅਜਿਹੀ ਸਥਿਤੀ ਵਿੱਚ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਲੈਣਾ ਪਿਆ। ਹਾਲਾਂਕਿ ਐਨਟੀਏ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਕਿ ਕਿਹੜੇ ਸਰੋਤਾਂ ਦੀ ਘਾਟ ਸੀ ਅਤੇ ਅਜਿਹੀ ਸਥਿਤੀ ਕੀ ਪੈਦਾ ਹੋਈ ਸੀ।

ਪ੍ਰੀਖਿਆ ਦੇ ਇੱਕ ਦਿਨ ਬਾਅਦ ਰੱਦ ਕੀਤਾ UGC-NET EXAM

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ NTA ਨੇ UGC-NET ਦੀ ਪ੍ਰੀਖਿਆ ਵੀ ਮਹਿਜ਼ ਇੱਕ ਦਿਨ ਬਾਅਦ ਰੱਦ ਕਰ ਦਿੱਤੀ ਸੀ। ਕਿਹਾ ਗਿਆ ਸੀ ਕਿ ਪ੍ਰੀਖਿਆ ਵਿੱਚ ਕੁਝ ਬੇਨਿਯਮੀਆਂ ਦੇ ਸੰਕੇਤ ਮਿਲੇ ਸਨ, ਜਿਸ ਕਾਰਨ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਇਸ ਵਿਵਾਦ ਤੋਂ ਬਾਅਦ ਹੁਣ CSIR-UGC-NET ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਜੇ ਤੱਕ ਸਰਕਾਰ ਨੇ NTA ਦੇ ਇਸ ਫੈਸਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ – ਦੇਸ਼ ’ਚ ਪੇਪਰ ਲੀਕ ਵਿਰੋਧੀ ਕਾਨੂੰਨ ਲਾਗੂ, NEET ਵਿਵਾਦ ਵਿਚਾਲੇ ਕੇਂਦਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ