Punjab

ਸਰਕਾਰੀ ਕਾਲਜਾਂ ਦੇ ਨਿੱਜੀਕਰਨ ’ਤੇ ਪੰਜਾਬ NSUI ਦੇ ਪ੍ਰਧਾਨ ਵੱਲੋਂ ਪੂਰੇ ਪੰਜਾਬ ’ਚ ਧਰਨੇ ਲਾਉਣ ਦੀ ਚੇਤਾਵਨੀ!

ਬਿਉਰੋ ਰਿਪੋਰਟ: ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੀ ਮਦਦ ਨਾਲ ਆਟੋਨੋਮਸ ਕਾਲੇਜ ਦੇ ਰੂਪ ਵਿੱਚ ਅਪਗਰੇਡ ਕਰਨ ਦੇ ਲਈ 8 ਸਰਕਾਰੀ ਕਾਲਜ਼ਾਂ ਦੀ ਪਛਾਣ ਕੀਤੀ ਹੈ। 8 ਕਾਲਜਾਂ ਨੂੰ ਖ਼ੁਦਮੁਖਤਿਆਰ ਕਾਲਜ ਬਣਾਉਣ ਦੇ ਵਿਰੋਧ ਵਿੱਚ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਸਮੇਤ ਮੁਹਾਲੀ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ-ਪੱਤਰ ਸੌਂਪਿਆ ਹੈ।

ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕਾਲਜਾਂ ਨੂੰ ਖ਼ੁਦਮੁਖਤਿਆਰ ਬਣਾਉਣ ਦੇ ਨਾਲ ਕਾਲਜ ਬਾਹਰੋਂ ਸਰਕਾਰੀ ਹੋਣਗੇ ਪਰ ਅੰਦਰੋਂ ਪ੍ਰਾਈਵੇਟ ਹੋਣਗੇ। ਇਹ ਕਾਲਜ ਹੋਣ ਨਾਲ ਵਿਦਿਆਰਥੀਆਂ ਦੀ ਫੀਸ ਵਧਾਉਣ ਦੀ ਪਾਵਰ ਪ੍ਰਿੰਸੀਪਲ ਕੋਲ ਚਲੀ ਜਾਵੇਗੀ। ਇਸ ਤਰੀਕੇ ਨਾਲ ਪ੍ਰਿੰਸੀਪਲ ਆਪਣੇ ਮੁਤਾਬਕ ਵਿਦਿਆਰਥੀਆਂ ਦੀ ਫੀਸ ਵਿਚ ਵਾਧਾ ਕਰਨਗੇ।

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਰਕਾਰਾਂ ਖੇਤੀ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਹੁਣ ਇਹ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ 31 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ, ਜੇ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਵਿਦਿਆਰਥੀ ਜਥੇਬੰਦੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਭਰ ਵਿੱਚ ਧਰਨੇ ਸ਼ਰੂ ਕਰੇਗੀ।