ਚੰਡੀਗੜ੍ਹ (Chandigarh) ਵਿੱਚ ਪੈਰਾ ਓਲੰਪਿਕ ਖਿਡਾਰੀ ਤਰੁਣ ਸ਼ਰਮਾ (Tarun Sharma) ਦੇ ਨਾਲ ਐਨਐਸਯੂਆਈ (NSUI) ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੇ ਵਿੱਚ- ਵਿੱਚ ਤਰੁਣ ਸ਼ਰਮਾ ਨੂੰ ਨੌਕਰੀ ਨਹੀਂ ਮਿਲਦੀ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸ਼ਾਤਮਈ ਧਰਨਾ ਦੇ ਕੇ ਤਰੁਣ ਲਈ ਲੜਾਈ ਲੜਨਗੇ।
NSUI ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ “ਤਰੁਣ ਸ਼ਰਮਾ ਸਾਡੇ ਸਾਰਿਆਂ ਲਈ ਇੱਕ ਰੋਲ ਮਾਡਲ ਹੈ। “ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਬਿਹਤਰੀ ਲਈ ਛੋਟੇ ਬੱਚਿਆਂ ਨੂੰ ਸ਼ਾਮਲ ਕਰਕੇ ਅਤੇ ਅਰਦਾਸ ਕਰਵਾ ਕੇ ਦਰਬਾਰ ਸਾਹਿਬ ਨੂੰ ਇੱਕ ਪ੍ਰਚਾਰ ਸਟੰਟ ਵਜੋਂ ਵਰਤ ਰਹੀ ਹੈ। ਇਸ ਮੌਕੇ ਸਿੱਧੂ ਨੇ ਕਿਹਾ ਕਿ ਸਰਕਾਰ ਤਰੁਣ ਵਰਗਿਆਂ ਵੱਲ ਧਿਆਨ ਦੇਵੇ ਜੋ ਸਚਮੁੱਚ ਖੇਡਾਂ ਵਿੱਚ ਬਦਲਾਅ ਲਿਆ ਸਕਦੇ ਹਨ।
ਈਸ਼ਰਪ੍ਰੀਤ ਸਿੰਘ ਸਿੱਧੂ ਨੇ ਤਰੁਣ ਸ਼ਰਮਾ ਦੇ ਯੋਗਦਾਨ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਵਰਤਮਾਨ ਵਿੱਚ 1300-1400 ਵਿਦਿਆਰਥੀਆਂ ਨੂੰ ਕਰਾਟੇ ਸਿਖਾਉਂਦਾ ਹੈ। ਸਿੱਧੂ ਨੇ ਕਿਹਾ ਕਿ “ਲਗਭਗ ਇੱਕ ਸਾਲ ਪਹਿਲਾਂ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਸੀ। ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੇ ਤਰੁਣ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਮੀਤ ਹੇਅਰ ਖੁਦ ਵਿਰੋਧ ਪ੍ਰਦਰਸ਼ਨਾਂ ਦੌਰਾਨ ਸ਼ਾਮਲ ਹੋਇਆ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਸ਼ਬਦਾਂ ਤੋਂ ਮੁਕਰ ਗਏ ਹਨ।
ਸਿੱਧੂ ਨੇ ਤਰੁਣ ਸ਼ਰਮਾ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਨਿਰਾਸ਼ਾ ਜ਼ਾਹਰ ਕੀਤੀ। ਤਰੁਣ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਗੋਲਡ ਮੈਡਲ ਜਿੱਤਿਆ ਹੈ। ਪਰ ਫਿਰ ਵੀ ਪੰਜਾਬ ਸਰਕਾਰ ਉਸ ਨੂੰ ਉਸ ਦਾ ਬਣਦਾ ਸਿਹਰਾ ਨਹੀਂ ਦੇ ਰਹੀ ਹੈ। ਪੰਜਾਬ ਖੇਡ ਵਿਭਾਗ ਵੱਲੋਂ ਸਰਕਾਰੀ ਨੌਕਰੀ ਲਈ ਸੂਚੀਬੱਧ ਕੀਤੇ ਜਾਣ ਦੇ ਬਾਵਜੂਦ ਉਸ ਦਾ ਨਾਂ ਨਵੀਂ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ।
ਤਰੁਣ ਸ਼ਰਮਾ ਨੇ ਆਪਣੀ ਨਿਰਾਸ਼ਾ ਜਾਹਿਕ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਉਸ ਲਈ ਸੰਘਰਸ਼ ਕਰ ਰਿਹਾ ਹੈ ਜੋ ਉਸ ਲਈ ਸਹੀ ਹੈ। ਉਹ ਸਿਰਫ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦਾ ਹਾਂ, ਫਿਰ ਵੀ ਉਹ ਸਰਕਾਰ ਦੁਆਰਾ ਠੱਗਿਆ ਮਹਿਸੂਸ ਕਰਦਾ ਹਾਂ। ਉਹ ਭੀਖ ਨਹੀਂ ਮੰਗ ਰਿਹਾ ਉਹ ਸਿਰੜਫ ਆਪਣਾ ਹੱਕ ਮੰਗ ਰਿਹਾ ਹਾਂ। ਉਸ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕੀ ਮੇਰੀ ਅਪਾਹਜਤਾ ਇਸ ਬੇਇਨਸਾਫ਼ੀ ਦਾ ਕਾਰਨ ਹੈ?
ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਦੇ ਰੋਲ ਮਾਡਲਾਂ ਨੂੰ ਮਾਰਿਆ ਜਾ ਰਿਹਾ ਹੈ। ਚਾਹੇ ਉਹ ਸਿੱਧੂ ਮੂਸੇਵਾਲਾ ਹੋਵੇ, ਜਾਂ ਤਰੁਣ। ਉਨ੍ਹਾਂ ਕਿਹਾ ਕਿ ਉਹ ਤਰੁਣ ਦੇ ਨਾਲ ਖੜੇ ਹਨ ਤਾਂ ਕਿ ਉਸ ਨੂੰ ਉਸ ਦਾ ਹੱਕ ਮਿਲ ਸਕੇ।
ਇਹ ਵੀ ਪੜ੍ਹੋ – ਰਾਜਪਾਲ ਪੁਰੋਹਿਤ ਇਸ ਦਿਨ ਫਿਰੋਜਪੁਰ ਦਾ ਕਰਨਗੇ ਦੌਰਾ