Punjab

AAP ਵਿਧਾਇਕ ‘ਤੇ NRI ਦੀ ਕੋਠੀ ‘ਤੇ ਕਬਜ਼ੇ ਦਾ ਇਲਜ਼ਾਮ !

ਲੁਧਿਆਣਾ : ਜਗਰਾਓ ਵਿਧਾਨਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਜੀਤ ਕੌਰ ਮਾਣੂਕੇ ‘ਤੇ NRI ਮਹਿਲਾ ਨੇ ਕੋਠੀ ‘ਤੇ ਜ਼ਬਰਨ ਕਬਜ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ। ਕੈਨੇਡਾ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਵਿਧਾਇਕ ਮਾਣੂਕੇ ਖਿਲਾਫ SSP ਅਤੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ਼ਿਕਾਇਤ ਭੇਜੀ ਹੈ । ਅਮਰਜੀਤ ਨੇ ਕਿਹਾ ਉਹ ਕਈ ਸਾਲਾਂ ਤੋਂ ਪੰਜਾਬ ਨਹੀਂ ਆਈ, ਇਸ ਗੱਲ ਦਾ ਫਾਇਦਾ ਚੁੱਕ ਕੇ ਵਿਧਾਇਕ ਮਾਣੂਕੇ ਨੇ ਹੀਰਾ ਬਾਗ ਦੀ ਗਲੀ ਨੰਬਰ 7 ਵਿੱਚ ਮੇਰੇ ਘਰ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਲਿਆ ਹੈ, ਘਰ ਵਿੱਚ ਰੱਖਿਆ ਹੋਇਆ ਸਮਾਨ ਵਿੱਚ ਕੱਢ ਦਿੱਤਾ ਹੈ ।

‘ਵਿਧਾਇਕ ਨੇ ਧਮਕੀ ਦਿੱਤੀ’

ਕੈਨੇਡਾ ਦੀ ਅਮਰਜੀਤ ਕੌਰ ਨੇ ਕਿਹਾ ਜਦੋਂ ਵਿਧਾਇਕ ਮਾਣੂਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਕਾਉਂਦੇ ਹੋਏ ਕਿਹਾ ‘ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈ, ਮੈਨੂੰ ਕਿਸੇ ਦਾ ਡਰ ਨਹੀਂ ਹੈ, ਸਰਕਾਰ ਸਾਡੀ ਹੈ ਪੁਲਿਸ ਵੀ ਸਾਡੇ ਨਾਲ ਹੈ’। ਅਮਰਜੀਤ ਨੇ ਦੱਸਿਆ ਕਿ ਉਹ ਬਜ਼ੁਰਗ ਹੈ ਉਨ੍ਹਾਂ ਨੂੰ ਮਕਾਨ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ,ਧਮਕੀ ਦਿੱਤੀ ਜਾ ਰਹੀ ਹੈ,ਉਨ੍ਹਾਂ ਨੇ ਮਕਾਨ ਨਹੀਂ ਛੱਡਿਆ ਤਾਂ ਝੂਠਾ ਮਾਮਲਾ ਦਰਜ ਕਰਵਾਇਆ ਜਾਵੇਗਾ । ਅਮਰਜੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਵਿਧਾਇਕ ਮਾਣੂਕੇ ਨੇ ਮਾਲ ਵਿਭਾਗ ਦੀ ਸਹਿਮਤੀ ਦੇ ਨਾਲ ਬਿਨਾਂ ਪੁੱਛੇ ਮਕਾਨ ‘ਤੇ ਕਬਜ਼ਾ ਕਰ ਲਿਆ ।

ਮਾਣੂਕੇ ਦੀ ਸਫਾਈ

ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਉਨ੍ਹਾਂ ਨੇ ਕੋਠੀ ਕਿਰਾਏ ‘ਤੇ ਲਈ ਸੀ। ਹੁਣ NRI ਅਮਰਜੀਤ ਕੌਰ ਆਪਣਾ ਹੱਕ ਜਤਾ ਰਹੀ ਹੈ । ਜਦਕਿ 2 ਲੋਕ ਹੋਰ ਇਸ ਕੋਠੀ ‘ਤੇ ਆਪਣਾ ਮਾਲਿਕਾਨਾਂ ਹੱਕ ਜਤਾ ਰਹੇ ਸਨ । ਉਨ੍ਹਾਂ ਨੇ SSP ਜਗਰਾਓ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ । ਮਾਣੂਕੇ ਨੇ ਕਿਹਾ ਕਿ ਦੋਵਾਂ ਮਾਲਿਕਾਂ ਵਿੱਚੋ ਜੇਕਰ NRI ਔਰਤ ਮਾਲਿਕ ਹੋਵੇਗੀ ਤਾਂ ਉਹ ਚਾਬੀ ਦੇਕੇ ਚੱਲੇ ਜਾਣਗੇ ।

‘ਵਿਧਾਇਕ ਖਿਲਾਫ FIR ਦਰਜ ਹੋਵੇ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ NRI ਦੀ ਕੋਠੀ ‘ਤੇ ਕਬਜ਼ਾ ਕਰਨ ਵਾਲੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਖਿਲਾਫ ਫੌਰਨ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਮਾਮਲੇ ਨੂੰ ਦਬਾ ਕੇ ਬੈਠੀ ਹੈ,ਜੇਕਰ ਸਮਾਂ ਰਹਿੰਦੇ ਪੁਲਿਸ ਕਾਰਵਾਈ ਨਹੀਂ ਕਰਦੀ ਹੈ ਤਾਂ NRI ਭਾਈਚਾਰੇ ਵਿੱਚ ਗਲਤ ਸੁਨੇਹਾ ਜਾਵੇਗਾ ਕਿ ਸਾਡੀ ਪੰਜਾਬ ਵਿੱਚ ਜਾਇਦਾਦਾਂ ਸੁਰੱਖਿਅਤ ਨਹੀਂ ਹਨ । ਉਨ੍ਹਾਂ ਕਿਹਾ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਮਾਨ ਨੂੰ ਕੇਸ ਦੌਰਾਨ ਕਾਰਵਾਈ ਵਿੱਚ ਹੋ ਰਹੀ ਦੇਰੀ ਦਾ ਕਾਰਨ ਦੱਸਣਾ ਚਾਹੀਦਾ ਹੈ ।

SP ਦਾ ਬਿਆਨ ਆਇਆ ਸਾਹਮਣੇ

SSP ਨਵਨੀਤ ਬੈਂਸ ਨੇ ਦੱਸਿਆ ਹੈ ਕਿ NRI ਮਹਿਲਾ ਅਮਰਜੀਤ ਕੌਰ ਨੇ ਮਕਾਨ ‘ਤੇ ਕਬਜ਼ਾ ਕਰਨ ਦੀ ਸ਼ਿਕਾਇਤ ਦਿੱਤੀ ਹੈ, SP D ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ । ਜੋ ਵੀ ਮੁਲਜ਼ਮ ਹੋਇਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।