Punjab

ਥਾਣੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਇਸ ਟੈਸਟ ਤੋਂ ਗੁਜ਼ਰਨਾ ਹੋਵੇਗਾ !

ਬਿਊਰੋ ਰਿਪੋਰਟ : ਪੰਜਾਬ ਪੁਲਿਸ ਦੇ ਥਾਣਿਆਂ ਵਿੱਚ ਹੁਣ ਰਾਤ ਦੇ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਟਲੀ ਹੋਣ ਵਾਲੇ ਮੁਲਾਜ਼ਮ ਹੁਣ ਡਿਊਟੀ ਨਹੀਂ ਦੇ ਪਾਣਗੇ । ਸੜਕਾਂ ‘ਤੇ ਨਾਕਿਆਂ ਦੀ ਤਰਜ਼ ‘ਤੇ ਹੁਣ ਥਾਣਿਆਂ ਵਿੱਚ ਐਲਕੋਹਲ ਮੀਟਰ ਰੱਖੇ ਜਾਣਗੇ । ਡਿਊਟੀ ਜੁਆਇਨ ਕਰਨ ਦੇ ਵਕਤ ਮੁਲਾਜ਼ਮਾਂ ਦੀ ਜਾਂਚ ਹੋਵੇਗੀ। ਵਿਧਾਨਸਭਾ ਦੀ ਗ੍ਰਹਿ ਵਿਭਾਗ ਦੀ ਕਮੇਟੀ ਦੀ ਸ਼ਿਫਾਰਸ਼ ‘ਤੇ ਪੁਲਿਸ ਨੇ ਇਸ ਦਿਸ਼ਾ ਵਿੱਚ ਕਦਮ ਵਧਾਇਆ ਹੈ।

ਪੰਜਾਬ ਪੁਲਿਸ ਪਹਿਲੇ ਗੇੜ੍ਹ ਵਿੱਚ 2300 ਐਲਕੋਹਲ ਮੀਟਰ ਖਰੀਦਣ ਦੀ ਦਿਸ਼ਾ ਵੱਲ ਖਦਮ ਵਧਾ ਰਹੀ ਹੈ । ਉਨ੍ਹਾਂ ਨੂੰ ਨਾਕੇ ਅਤੇ ਥਾਣਿਆਂ ਦੇ ਲਈ ਵਰਤਿਆ ਜਾਵੇਗਾ, ਯੋਜਨਾ ਤਹਿਤ ਪਹਿਲੀ ਵਾਰ ਵਿੱਚ 412 ਥਾਣਿਆਂ ਨੂੰ ਕਵਰ ਕੀਤਾ ਜਾਵੇਗਾ । ਪੁਲਿਸ ਵਿਭਾਗ ਦੇ ਅਧਿਕਾਰੀਆਂ ਹੁਣ ਪ੍ਰੋਜੈਕਟ ਨੂੰ ਜਲਦ ਸ਼ੁਰੂ ਕਰਨ ਦੀ ਤਿਆਰੀ ਹੈ । ਜੇਕਰ ਡਿਊਟੀ ਦੇ ਸਮੇਂ ਕਿਸੇ ਵੀ ਮੁਲਾਜ਼ਮ ਨੇ ਸ਼ਰਾਬ ਪੀਤੀ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਵਿਧਾਨਸਭਾ ਕਮੇਟੀ ਨੇ ਥਾਣਿਆ ਦਾ ਦੌਰਾ ਕੀਤਾ ਸੀ

ਕੁਝ ਸਮੇਂ ਪਹਿਲਾਂ ਵਿਧਾਨਸਭਾ ਦੀ ਕਮੇਟੀ ਨੇ ਥਾਣਿਆਂ ਦਾ ਦੌਰਾ ਕੀਤਾ ਸੀ,ਕਮੇਟੀ ਨੇ ਉਸ ਸਮੇਂ ਨੋਟ ਕੀਤਾ ਸੀ ਕਿ ਰਾਤ ਨੂੰ ਡਿਊਟੀ ਸਮੇਂ ਕੁਝ ਅਧਿਕਾਰੀ ਅਤੇ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਸਨ । ਇਸ ਦੌਰਾਨ ਕੁਝ ਲੋਕਾਂ ਨੇ ਮਾਮਲੇ ਨੂੰ ਹੱਲ ਕਰਨ ਦੀ ਥਾਂ ਗਾਲਾਂ ਕੱਢਿਆ ਸਨ । ਅਜਿਹੇ ਮੁਲਾਜ਼ਮਾਂ ‘ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ,ਇਸ ‘ਤੇ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਦੱਸਿਆ ਜਦੋਂ ਕੋਈ ਮੁਲਾਜ਼ਮ ਨਸ਼ੇ ਵਿੱਚ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,ਉਸ ਨੂੰ ਸਸਪੈਂਡ ਕੀਤਾ ਜਾਵੇਗਾ ਅਤੇ ਵਿਭਾਗੀ ਜਾਂਚ ਕਰਵਾਈ ਜਾਵੇਗੀ ।

ਵਿਧਾਇਕ ਨੇ ਆਪ ਫੜੇ ਨਸ਼ੇ ਵਿੱਚ ਮੁਲਾਜ਼ਮ

ਪਿਛਲੇ ਕੁਝ ਸਾਲਾਂ ਵਿੱਚ ਨਸ਼ੇ ਦੌਰਾਨ ਟਲੀ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਹੋ ਰਹੀ ਹੈ । ਮੋਹਾਲੀ ਦੇ ਡੇਰਾਬੱਸੀ ਵਿੱਚ ਵਿਧਾਇਕ ਨੇ ਆਪ ਚੌਕੀ ਵਿੱਚ ਰੇਡ ਕੀਤੀ ਸੀ, ਜਿਸ ਤੋਂ ਬਾਅਦ ਚੌਕੀ ਇੰਚਾਰਜ ਆਪ ਦੋਸਤਾਂ ਦੇ ਨਾਲ ਸ਼ਰਾਬ ਪੀਂਦਾ ਹੋਇਆ ਫੜਿਆ ਗਿਆ ਸੀ । ਇਸ ਤੋਂ ਬਾਅਦ ਉਸ ਨੂੰ ਸਸਪੈਂਡ ਕੀਤਾ ਗਿਆ ਹੈ । ਇਸ ਦੇ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ।