‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਨਵੰਬਰ 1984 ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦੇ ਜਖ਼ਮ ਰਹਿੰਦੀ ਦੁਨੀਆਂ ਤੱਕ ਸਿੱਖ ਮਨਾਂ ਅੰਦਰ ਹਰੇ ਹੀ ਰਹਿਣਗੇ। ਨਵੰਬਰ ’84 ‘ਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਲੈ ਕੇ ਸਾਰੀ ਦੁਨੀਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਇਸ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਗਏ ਬੇਕਸੂਰ ਸਿੱਖਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ।
ਵਰਲਡ ਸਿੱਖ ਪਾਰਲੀਮੈਂਟ ਨੇ ਅਮਰੀਕਾ ਵਿੱਚ ਵੀ ਨਵੰਬਰ ’84 ਦੌਰਾਨ ਮਾਰੇ ਗਏ ਹਜ਼ਾਰਾਂ ਬੇਕਸੂਰ ਸਿੱਖਾਂ ਦੀ ਯਾਦ ਵਿੱਚ ਕਨੈਟੀਕਟ ਸੂਬੇ ਵਿੱਚ ਸਮਾਗਮ ਕਰਵਾਏ। ਅਮਰੀਕਾ ਦੇ ਸਟੇਟ ਕੈਪੀਟਲ ਅਤੇ ਕਨੈਟੀਕਟ ਸੂਬੇ ਵਿੱਚ ਇਹ ਯਾਦਗਾਰੀ ਸਮਾਗਮ ਕਰਵਾਏ ਗਏ ਹਨ।
ਕਨੈਟੀਕਟ ਸੂਬੇ ਦੇ ਨੌਰਵਿਚ ਸ਼ਹਿਰ ਵਿੱਚ ਗ੍ਰੀਨ ਪਾਰਕ ਵਿੱਚ 1 ਹਜ਼ਾਰ ਝੰਡੇ ਲਗਾ ਕੇ ਨਵੰਬਰ ’84 ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹਰ ਇੱਕ ਝੰਡਾ 30 ਲੋਕਾਂ ਨੂੰ ਪੇਸ਼ ਕਰਦਾ ਹੈ, ਸੋ ਇਹਨਾਂ 1 ਹਜ਼ਾਰ ਝੰਡਿਆਂ ਦੁਆਰਾ ਅਸੀਂ ਮਾਰੇ ਗਏ ਲੱਗਭੱਗ 30 ਹਜ਼ਾਰ ਬੇਕਸੂਰ ਸਿੱਖਾਂ ਨੂੰ ਯਾਦ ਕਰ ਰਹੇ ਹਾਂ। ਇਸ ਸਮਾਗਮ ਵਿੱਚ ਸਿੱਖਾਂ ਤੋਂ ਇਲਾਵਾ ਹੋਰ ਵੀ ਕਈ ਭਾਈਚਾਰਿਆਂ ਦੇ ਲੋਕ ਸ਼ਰਧਾਂਜਲੀ ਅਰਪਣ ਕਰਨ ਲਈ ਆ ਰਹੇ ਹਨ। ਇਹ ਸਮਾਗਮ 6 ਨਵੰਬਰ ਤੋਂ ਸ਼ੁਰੂ ਹੋਇਆ ਸੀ ਅਤੇ 10 ਨਵੰਬਰ ਨੂੰ ਇਸਦੀ ਸਮਾਪਤੀ ਕੀਤੀ ਜਾਵੇਗੀ।
ਇਸ ਸਮਾਗਮ ਵਿੱਚ ਕਨੈਕਟੀਕਟ ਦੇ ਲੈਫਟੀਨੈਂਟ ਗਵਰਨਰ ਸੁਜ਼ਨ ਬਿਸੀਵਿਚ, ਸਟੇਟ ਸੈਨੇਟਰ ਕੈਥੀ ਓਸਟਨ, ਸੂਬੇ ਦੇ ਪ੍ਰਤੀਨਿਧੀ ਕੇਵਿਨ ਰਿਆਨ, ਨੌਰਵਿਚ ਦੇ ਮੇਅਰ ਪੀਟਰ ਨਾਈਸਟ੍ਰੋਮ, ਕਨੈਟੀਕਟ ਦੇ ਅਟਾਰਨੀ ਜਨਰਲ ਵਿਲੀਅਮ ਟੋਂਗ, ਸੈਨੇਟ ਦੇ ਬਹੁਗਿਣਤੀ ਨੇਤਾ ਬੌਬ ਡੱਫ, ਸਟੇਟ ਸੈਨੇਟਰ ਸੌਦ ਅਨਵਰ, ਸਟੇਟ ਪ੍ਰਤੀਨਿਧੀ ਐਮਮੇਟ ਰਿਲੀ, ਜਿਲਿਅਨ ਗਿਲਚਰੇਟ, ਲੂਸੀ ਡੇਥਨ, ਅਤੇ ਜੋਸ਼ ਐਲੀਅਟ ਨੇ ਵੀ ਹਿੱਸਾ ਲਿਆ।
ਕਨੈਟੀਕਟ ਸੂਬੇ ਵਿੱਚ ਹਰ ਸਾਲ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਮਨਾਏ ਜਾਣ ‘ਤੇ ਸਰਬਸੰਮਤੀ ਨਾਲ ਬਿੱਲ ਪਾਸ ਕੀਤਾ ਗਿਆ ਹੈ।