‘ਦ ਖ਼ਾਲਸ ਬਿਊਰੋ:- ਉੱਤਰੀ ਕੋਰੀਆ ਵਿੱਚ ਕੋਰੋਨਾਵਾਇਰਸ ਦੇ ਇੱਕ ਸ਼ੱਕੀ ਮਾਮਲੇ ਨੂੰ ਲੈ ਕੇ ਉਥੋਂ ਦੀ ਸਰਕਾਰ ਨੇ ਨਾਲ ਲੱਗਦੇ ਕੇਸਾਂਗ ਸ਼ਹਿਰ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਅਤੇ ਪੋਲਿਟ ਬਿਉਰੋ ਨਾਲ ਵੀ ਇੱਕ ਮੀਟਿੰਗ ਸੱਦੀ ਹੈ।
ਕਿਮ ਜੋਂਗ-ਉਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਜ਼ਹਿਰੀਲਾ ਵਾਇਰਸ ਦਾਖਲ ਹੋ ਗਿਆ ਹੈ। ਜੇਕਰ ਇਸ ਸ਼ੱਕੀ ਮਾਮਲੇ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਅਧਿਕਾਰਤ ਤੌਰ ‘ਤੇ ਉੱਤਰੀ ਕੋਰੀਆ ਦਾ ਪਹਿਲਾ ਕੋਰੋਨਾਵਾਇਰਸ ਦਾ ਕੇਸ ਹੋਵੇਗਾ।
ਪਿਛਲੇ ਕਈ ਮਹੀਨਿਆਂ ਤੋਂ ਉੱਤਰੀ ਕੋਰੀਆ ਕੋਰੋਨਾ ਮੁਕਤ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਉੱਤਰ ਕੋਰੀਆ ਸਰਕਾਰ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀ ਤਿੰਨ ਸਾਲ ਪਹਿਲਾਂ ਦੱਖਣੀ ਕੋਰੀਆ ਗਿਆ ਸੀ ਜੋ ਪਿਛਲੇ ਹਫਤੇ ਕੇਸਾਂਗ ਸਰਹੱਦ ਰਾਹੀਂ ਉੱਤਰੀ ਕੋਰੀਆ ਵਾਪਸ ਪਰਤਿਆ ਹੈ।
ਇਹ ਸ਼ੱਕੀ ਵਿਅਕਤੀ ਸਰਹੱਦ ਪਾਰ ਕੇ ਉੱਤਰੀ ਕੋਰੀਆ ‘ਚ ਕਿਵੇ ਦਾਖਲ ਹੋਇਆ, ਇਸ ਮਾਮਲੇ ਦੀ ਜਾਂਚ ਉੱਤਰੀ ਕੋਰੀਆ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।