Punjab

ਹਿੱਟ ਐਂਡ ਰਨ ਕਾਨੂੰਨ ਖਿਲਾਫ ਪੰਜਾਬ ਦੀ ਸਰਕਾਰੀ ਬੱਸ ਯੂਨੀਅਨ ਦਾ ਵੱਡਾ ਐਲਾਨ !

ਬਿਉਰੋ ਰਿਪੋਰਟ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਰੋਡਵੇਜ਼,ਪਨਬੱਸ ਅਤੇ PRTC ਕਾਂਟਰੈਕਟ ਵਰਕਰ ਵੀ ਆ ਗਏ ਹਨ। ਬੁੱਧਵਾਰ ਨੂੰ ਪਨਬੱਸ ਅਤੇ PRTC ਦੀਆਂ 3300 ਬੱਸਾਂ ਦਾ ਚੱਕਾ ਸਵੇਰ 11 ਵਜੇ ਤੋਂ 1 ਵਜੇ ਤੱਕ ਰੁਕਿਆ ਰਹੇਗਾ। ਇਸ ਦੌਰਾਨ ਮੁਲਾਜ਼ਮ ਬੱਸਾਂ ਖੜੀ ਕਰਕੇ ਪ੍ਰਦਰਸ਼ਨ ਕਰਨਗੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਜਲਾਉਣਗੇ। ਹਾਲਾਂਕਿ ਬੱਸ ਡਿਪੋ ਵਿੱਚ ਸਰਕਾਰ ਦੇ ਕੋਲ 3-4 ਦਿਨ ਦਾ ਤੇਲ ਹੀ ਬਚਿਆ ਹੈ। ਹੜਤਾਲ ਲੰਬੀ ਚੱਲੀ ਤਾਂ ਪਰੇਸ਼ਾਨੀ ਆ ਸਕਦੀ ਹੈ। ਉਧਰ ਤੇਲ ਦੀ ਸਪਲਾਈ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗ੍ਰਹਿ ਸਕੱਤਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਦੀ ਲਿਮਟ ਤੈਅ ਕਰ ਦਿੱਤੀ ਹੈ।

ਪੰਜਾਬ ਰੋਡਵੇਜ਼ ਪਨਬੱਸ, PRTC ਕਾਂਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਹੈ ਕਿ ਸਵੇਰ 11 ਤੋਂ 1 ਵਜੇ ਤੱਕ ਪ੍ਰਦਰਸ਼ਨ ਕਰਨਗੇ। ਇਸ ਵਿੱਚ ਪਨਬੱਸ ਦੀਆਂ 1900 ਅਤੇ PRTC ਦੀਆਂ 1400 ਬੱਸਾਂ ਸ਼ਾਮਲ ਹੋਣਗੀਆਂ । ਇਸ ਦੌਰਾਨ ਕੋਈ ਵੀ ਬੱਸ ਆਪਣੇ ਰੂਟ ‘ਤੇ ਨਹੀਂ ਚੱਲੇਗੀ । ਯੂਨੀਅਨ ਨੇ ਕਿਹਾ ਅਸੀਂ ਲੋਕਾਂ ਦੀ ਮੁ੍ਸੀਬਤ ਨੂੰ ਸਮਝ ਦੇ ਹਾਂ। ਪਰ ਸਾਡੇ ਕੋਲ ਕੋਈ ਬਦਲ ਨਹੀਂ ਹੈ । ਕੇਂਦਰ ਸਰਕਾਰ ਦਾ ਕਾਨੂੰਨ ਡਾਈਵਰਾਂ ਦੇ ਖਿਲਾਫ ਹੈ ।

‘ਪੰਜਾਬ ਵਿੱਚ ਤੇਲ ਦੀ ਕੋਈ ਕਮੀ ਨਹੀਂ’

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਪੰਜਾਬ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ,ਪੂਰਾ ਸਟਾਕ ਹੈ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਵਿੱਚ ਪੈਟਰੋਲ ਦੀ ਰੋਜਾਨਾ ਖਪਤ 35,00 ਕਿਲੋ ਲੀਟਰ ਦੀ ਹੈ ਜਦਕਿ ਸਟਾਕ 22,600 ਕਿਲੋ ਲੀਟਰ ਹੈ। ਜਦਕਿ ਡੀਜ਼ਲ ਦੀ ਪੰਜਾਬ ਵਿੱਚ ਖਪਤ 10,000 KL ਹੈ ਜਦਕਿ ਸਟਾਕ 1,20000 KL ਹੈ। ਗ੍ਰਹਿ ਸਕੱਤਰ ਨੇ ਕਿਹਾ ਪੰਜਾਬ ਵਿੱਚ ਚਾਰ ਥਾਵਾ ਜਲੰਧਰ,ਸੰਗਰੂਰ,ਬਠਿੰਡਾ ਅਤੇ ਲਾਲੜੂ ਪੈਟਰੋਲ ਅਤੇ ਡੀਜ਼ਲ ਸਿੱਧੇ ਰਿਫਾਇੰਡਰੀ ਤੋਂ ਸਪਲਾਈ ਹੁੰਦਾ ਹੈ ।ਸਾਨੂੰ ਟਰੱਕਾਂ ਦੇ ਨਾਲ ਭੇਜਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਨ੍ਹਾਂ ਨੇ ਅਫਵਾਹਾਂ ਤੋਂ ਬਚਣ ਦੀ ਲਈ ਕਿਹਾ ਹੈ।

ਚੰਡੀਗੜ੍ਹ ਨੇ ਲਿਮਟ ਤੈਅ ਕੀਤੀ

ਚੰਡੀਗੜ੍ਹ ਵਿੱਚ ਵੀ ਪ੍ਰਸ਼ਾਸਨ ਨੇ ਪੈਟਰੋਲ ਅਤੇ ਡੀਜ਼ਲ ਦੀ ਸਭ ਤੋਂ ਵੱਧ ਕਿਲਤ ਤੋਂ ਬਾਅਦ ਲਿਮਟ ਤੈਅ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਦੁਪਹੀਆ ਵਾਹਨਾਂ ਦੇ ਲਈ 2 ਲੀਟਰ ਤੇਲ ਤੈਅ ਕੀਤਾ ਹੈ ਜਦਕਿ 4 ਪਹੀਆ ਵਾਹਨਾਂ ਦੇ ਲਈ 5 ਲੀਟਰ ਪੈਟਰੋਲ ਅਤੇ ਡੀਜ਼ਲ ਤੈਅ ਕੀਤਾ ਗਿਆ ਹੈ । ਪੈਟਰੋਲ ਅਤੇ ਡੀਜ਼ਲ ਦੀ ਕਮੀ ਦੀ ਵਜ੍ਹਾ ਕਰਕੇ ਲੋਕ ਆਪਣੀ ਗੱਡੀਆਂ ਫੁੱਲ ਕਰਵਾ ਰਹੇ ਸਨ ਇਸੇ ਲਈ ਕਈ ਪੈਟਰੋਲ ਪੰਪਾਂ ਤੇ ਤੇਲ ਖਤਮ ਹੋ ਗਿਆ ਸੀ।