ਬਿਊਰੋ ਰਿਪੋਰਟ : ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦੀ ਮੌਤ ਤੋਂ ਬਾਅਦ ਅੱਠੇ ਪਹਿਰ ਟਹਿਲ ਸੇਵਾ ਜਥੇਬੰਦੀ ਨੇ ਵੱਡਾ ਫ਼ੈਸਲਾ ਲਿਆ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁਰਿੰਡੇ ਦੀ ਧਰਤੀ ‘ਤੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਸੰਗਤ ਨੂੰ ਅਪੀਲ ਕੀਤੀ ਹੈ । ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਨੇ ਕਿਹਾ ਕਿ ‘ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲ ਗਈ ਹੈ ਪਰ ਮੁਰਿੰਡੇ ਦੀ ਧਰਤੀ ‘ਤੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਉਂਝ ਤਾਂ ਪੰਜਾਬ ਦੀ ਧਰਤੀ ‘ਤੇ ਉਸ ਦੇ ਸਸਕਾਰ ਦੀ ਰਸਮ ਦੀ ਅਦਾਇਗੀ ਨਹੀਂ ਹੋਣ ਚਾਹੀਦੀ ਪਰ ਘੱਟੋ-ਘੱਟ ਮੁਰਿੰਡੇ ਵਿੱਚ ਤਾਂ ਇਹ ਬਿਲਕੁੱਲ ਨਹੀਂ ਹੋਣਾ ਚਾਹੀਦਾ।
ਪਾਠੀ ਅਤੇ ਰਾਗੀ ਸਿੰਘਾਂ ਨੂੰ ਬੇਨਤੀ
ਇਸ ਤੋਂ ਇਲਾਵਾ ਟਹਿਲ ਸੇਵਾ ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਬੇਅਦਬੀ ਦੇ ਦੋਸ਼ੀ ਜਸਵੀਰ ਦਾ ਅੰਤਿਮ ਸਸਕਾਰ ਸਿੱਖ ਰਸਮਾਂ ਦੇ ਨਾਲ ਨਾ ਕੀਤਾ ਜਾਵੇਂ। ਉੁਨ੍ਹਾਂ ਨੇ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਅਤੇ ਕੀਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਸਵੀਰ ਸਿੰਘ ਦੀ ਕਿਸੇ ਵੀ ਅੰਤਿਮ ਵਿਦਾਈ ਦੀ ਰਸਮ ਵਿੱਚ ਸ਼ਾਮਲ ਨਾ ਹੋਣ। ਟਹਿਲ ਸੇਵਾ ਜਥੇਬੰਦੀ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਕਿਸੇ ਗੁਰਦੁਆਰੇ ਵਿੱਚ ਜਸਵੀਰ ਸਿੰਘ ਦੀ ਅੰਤਿਮ ਰਸਮ ਹੁੰਦੀ ਹੈ ਤਾਂ ਇਹ ਕਿਸੇ ਬੇਅਦਬੀ ਤੋਂ ਘੱਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਇਸ ਵਿੱਚ ਸ਼ਾਮਲ ਹਰ ਇੱਕ ਸ਼ਖਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਮੁਰਿੰਡੇ ਵਿੱਚ ਹੋਈ ਬੇਅਦਬੀ ਦੀ ਘਟਨਾ ਨੇ ਹਰ ਇੱਕ ਸਿੱਖ ਦਾ ਹਿਰਦਾ ਵਲੂੰਧਰਿਆ ਹੈ। ਇਸ ਦੇ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਪਛਚਾਤਾਪ ਦੇ ਪਾਠ ਕਰਵਾਏ ਗਏ ਸਨ, ਜੇਕਰ ਇਸ ਦੇ ਬਾਵਜੂਦ ਜਸਵੀਰ ਦਾ ਸਿੱਖ ਮਰਿਆਦਾ ਦੇ ਨਾਲ ਸਸਕਾਰ ਕੀਤਾ ਜਾਵੇਗਾ ਤਾਂ ਇਸ ਦਾ ਕੀ ਫਾਇਦਾ ਹੋਵੇਗਾ ?
ਮੋਰਿੰਡੇ ਦੀ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ
ਟਹਿਲ ਸੇਵਾ ਜਥੇਬੰਦੀ ਨੇ ਆਗੂ ਗੁਰਪ੍ਰੀਤ ਸਿੰਘ ਨੇ ਮੁਰਿੰਡੇ ਦੇ ਸਿੰਘਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ ਕਿ ਕਿਤੇ ਪ੍ਰਸ਼ਾਸਨ ਚੋਰੀ-ਛੁਪੇ ਬੇਅਦਬੀ ਦੇ ਮੁੱਖ ਮੁਲਜ਼ਮ ਜਸਵੀਰ ਜੱਸੀ ਦਾ ਸਸਕਾਰ ਨਾ ਕਰ ਦੇਵੇ। ਉਨ੍ਹਾਂ ਨੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਜੇਕਰ ਅਜਿਹਾ ਹੋਇਆ ਤਾਂ ਇਹ ਸਾਡੇ ਲਈ ਨਾਮੋਸ਼ੀ ਵਾਲੀ ਗੱਲ ਹੋਵੇਗੀ।
ਜਥੇਬੰਦੀ ਦੇ ਆਗੂ ਨੇ ਕਿਹਾ ਜਦੋਂ ਰੋਪੜ ਦੀ ਬਾਰ ਕੌਂਸਲ ਜਸਵੀਰ ਦਾ ਕੇਸ ਨਾ ਲੜਨ ਦਾ ਫੈਸਲਾ ਕਰ ਸਕਦੀ ਹੈ, ਸਾਹਬ ਸਿੰਘ ਵਰਗਾ ਵਕੀਲ ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਜਸਵੀਰ ‘ਤੇ ਹਮਲਾ ਕਰ ਸਕਦਾ ਹੈ ਤਾਂ ਇਹ ਸਾਡਾ ਫਰਜ਼ ਹੈ ਕਿ ਬੇਅਦਬੀ ਦੇ ਮੁਲਜ਼ਮ ਦੇ ਸਸਕਾਰ ਨੂੰ ਮੋਰਿੰਡਾ ਦੀ ਧਰਤੀ ‘ਤੇ ਰੋਕਿਆ ਜਾਵੇਂ।
ਸੋਮਵਾਰ ਰਾਤ ਨੂੰ ਮਾਨਸਾ ਵਿੱਚ ਹੋਈ ਮੌਤ
25 ਅਪ੍ਰੈਲ ਨੂੰ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਜਸਵੀਰ ਨੇ ਜੰਗਲਾ ਟੱਪ ਕੇ 2 ਪਾਠੀ ਸਿੰਘਾਂ ‘ਤੇ ਹਮਲਾ ਕੀਤਾ ਸੀ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਸਿੰਘਾਂ ਨੇ ਮੁਲਜ਼ਮ ਜਸਵੀਰ ਜੱਸੀ ਨਾਲ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।
ਦੋ ਦਿਨ ਤੱਕ ਮੁਰਿੰਡਾ ਸ਼ਹਿਰ ਬੇਅਦਬੀ ਦੇ ਵਿਰੋਧ ਵਿੱਚ ਬੰਦ ਰਿਹਾ ਸੀ। ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਪੁਲਿਸ ਨੇ ਬੇਅਦਬੀ ਦੇ ਮੁਲਜ਼ਮ ਜਸਵੀਰ ਨੂੰ ਮਾਨਸਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਸੀ, ਜਿੱਥੇ ਰਾਤ 9 ਵਜਕੇ 10 ਮਿੰਟ ‘ਤੇ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਡਾਕਟਰ ਨੇ ਦੱਸਿਆ ਕਿ ਮਾਨਸਾ ਜੇਲ੍ਹ ਵਿੱਚ ਬੇਅਦਬੀ ਦੇ ਮੁਲਜ਼ਮ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸ਼ਾਮ 4 ਵੱਜ ਕੇ 10 ਮਿੰਟ ‘ਤੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਰਾਤ 8 ਵਜੇ ਉਸ ਦੀ ਹਾਲਤ ਨਾਜ਼ੁਕ ਹੋਈ ਅਤੇ 9 ਵੱਜ ਕੇ 10 ਮਿੰਟ ‘ਤੇ ਉਸ ਦੀ ਮੌਤ ਹੋ ਗਈ ।