India

ਬੱਸ ਅਤੇ ਪਿਕਅੱਪ ਦੀ ਟੱਕਰ ’ਚ 10 ਦੀ ਮੌਤ, ਢਾਈ ਦਰਜਨ ਤੋਂ ਵੱਧ ਜ਼ਖ਼ਮੀ, ਕਈ ਗੰਭੀਰ

ਬਿਉਰੋ ਰਿਪੋਰਟ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਮੈਕਸ ਪਿਕਅੱਪ ਅਤੇ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ’ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਢਾਈ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਵੀ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਸਾਰੇ ਜ਼ਖ਼ਮੀ ਅਤੇ ਮ੍ਰਿਤਕ ਅਲੀਗੜ੍ਹ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਬੁਲੰਦਸ਼ਹਿਰ ਪੁਲਿਸ ਮੁਤਾਬਕ ਮੈਕਸ ਪਿਕਅੱਪ ’ਚ ਸਵਾਰ ਸਾਰੇ ਲੋਕ ਮੂਲ ਰੂਪ ’ਚ ਅਲੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਗਾਜ਼ੀਆਬਾਦ ਦੀ ਇੱਕ ਨਾਮੀ ਬਿਸਕੁਟ ਕੰਪਨੀ ’ਚ ਕੰਮ ਕਰਦੇ ਸਨ। ਸ਼ਨੀਵਾਰ ਰਾਤ ਨੂੰ ਉਹ ਪਿਕਅੱਪ ’ਚ ਰੱਖੜੀ ਦਾ ਤਿਉਹਾਰ ਮਨਾਉਣ ਲਈ ਬਦਾਊਂ-ਮੇਰਠ ਰਾਜ ਮਾਰਗ ਰਾਹੀਂ ਆਪਣੇ ਪਿੰਡ ਅਲੀਗੜ੍ਹ ਜਾ ਰਿਹਾ ਸੀ। ਜਿਵੇਂ ਹੀ ਉਨ੍ਹਾਂ ਦੀ ਗੱਡੀ ਬੁਲੰਦਸ਼ਹਿਰ ਦੇ ਸਲੇਮਪੁਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ।

ਵਧ ਸਕਦੀ ਹੈ ਮੌਤਾਂ ਦੀ ਗਿਣਤੀ

ਸਥਾਨਕ ਲੋਕਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੂਰੀ ਪਿਕਅੱਪ ਬੱਸ ਨਾਲ ਟਕਰਾ ਗਈ। ਇੰਨੀ ਤੇਜ਼ ਆਵਾਜ਼ ਆਈ ਕਿ ਵੱਡੀ ਗਿਣਤੀ ’ਚ ਆਪਣੇ ਘਰਾਂ ’ਚ ਸੁੱਤੇ ਪਏ ਲੋਕ ਵੀ ਜਾਗ ਗਏ ਅਤੇ ਆਪਣੇ ਘਰਾਂ ਤੋਂ ਭੱਜ ਕੇ ਮੌਕੇ ’ਤੇ ਪਹੁੰਚ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਮੁਤਾਬਕ ਹਾਦਸਾ ਬਹੁਤ ਵੱਡਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।

ਮੌਕੇ ’ਤੇ ਪੁੱਜੇ ਡੀਐਮ ਸੀਪੀ ਸਿੰਘ

ਫਿਲਹਾਲ ਸਾਰੇ ਜ਼ਖਮੀਆਂ ਨੂੰ ਗੱਡੀ ’ਚੋਂ ਕੱਢ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਸੂਚਨਾ ਮਿਲਣ ’ਤੇ ਡੀਐਮ ਬੁਲੰਦਸ਼ਹਿਰ ਚੰਦਰ ਪ੍ਰਕਾਸ਼ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਸੀਐਮਓ ਨੂੰ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ।