ਕਰਨਪ੍ਰਯਾਗ : ਹਾਲੇ ਜੋਸ਼ੀਮੱਠ ਵਿੱਖੇ ਜ਼ਮੀਨ ਖਿਸਕਣ ਦੀ ਮੁਸੀਬਤ ਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦਾ ਹਲ ਸਰਕਾਰ ਨਹੀਂ ਕਰ ਸਕੀ ਹੈ ਪਰ ਇੱਕ ਹੋਰ ਖ਼ਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਉਤਰਾਖੰਡ ਦੇ ਹੋਰ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਜੋਸ਼ੀਮਠ ਤੋਂ ਲਗਭਗ 82 ਕਿਲੋਮੀਟਰ ਦੂਰ ਚਮੋਲੀ ਜ਼ਿਲ੍ਹੇ ਦੇ ਦੱਖਣ-ਪੱਛਮ ਵਿੱਚ ਸਥਿਤ ਕਰਨਪ੍ਰਯਾਗ ਵਿੱਚ ਵੀ ਘਰਾਂ ਵਿੱਚ ਦਰਾਰਾਂ ਪੈਣ ਦੀ ਗੱਲ ਸਾਹਮਣੇ ਆਈ ਹੈ। ਇੱਕ ਖ਼ਬਰ ਦੇ ਮੁਤਾਬਕ ਅਲਕਨੰਦਾ ਅਤੇ ਪਿੰਦਰ ਨਦੀ ਦੇ ਸੰਗਮ ‘ਤੇ ਸਥਿਤ ਇਸ ਸ਼ਹਿਰ ਦੇ ਕੁਝ ਘਰਾਂ ‘ਚ ਦਰਾਰਾਂ ਇੰਨੀਆਂ ਡੂੰਘੀਆਂ ਹੋ ਗਈਆਂ ਹਨ ਕਿ ਇੱਥੇ ਰਹਿਣ ਵਾਲੇ ਦਰਜਨਾਂ ਪਰਿਵਾਰਾਂ ਨੂੰ ਨਗਰ ਕੌਂਸਲ ਵੱਲੋਂ ਬਣਾਏ ਗਏ ਰਾਹਤ ਕੈਂਪਾਂ ‘ਚ ਰਾਤ ਕੱਟਣੀ ਪੈ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਪਏ ਮੀਂਹ ਤੋਂ ਬਾਅਦ ਇਹ ਸਮੱਸਿਆ ਤੇਜ਼ੀ ਨਾਲ ਵਧੀ ਹੈ ਤੇ ਕਈ ਘਰ ਢਹਿਣ ਦੀ ਕਗਾਰ ‘ਤੇ ਹਨ। ਇਸ ਤੋਂ ਇਲਾਵਾ ਬਦਰੀਨਾਥ ਹਾਈਵੇਅ ਦੀ ਕਰੀਬ 150 ਮੀਟਰ ਸੜਕ ਲਗਾਤਾਰ ਧੱਸਦੀ ਜਾ ਰਹੀ ਹੈ।
ਜੇਕਰ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਚਾਰਧਾਮ ਸੜਕ ਪ੍ਰਾਜੈਕਟ ਲਈ ਅੰਨ੍ਹੇਵਾਹ ਉਸਾਰੀ ਕਾਰਜਾਂ ਦੇ ਨਾਲ-ਨਾਲ ਪਹਾੜਾਂ ਦੀ ਕਟਾਈ ਅਤੇ ਵਧਦੇ ਆਬਾਦੀ ਦੇ ਦਬਾਅ ਕਾਰਨ ਸਥਿਤੀ ਇੰਨੀ ਖਰਾਬ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਹੁਗੁਣਾ ਨਗਰ ਦੇ ਆਲੇ-ਦੁਆਲੇ ਦਾ ਇਲਾਕਾ ਭਾਰੀ ਮਸ਼ੀਨਰੀ ਨਾਲ ਪਹਾੜਾਂ ਨੂੰ ਕੱਟਣ ਕਾਰਨ ਅਸਥਿਰ ਹੋ ਗਿਆ ਹੈ ਤੇ ਲੱਗਦਾ ਹੈ ਕਿ ਇਸ ਵਾਰ ਮਾਨਸੂਨ ਸ਼ੁਰੂ ਹੋਣ ਨਾਲ ਕਈ ਘਰ ਢਹਿ ਜਾਣਗੇ।
ਇੱਕ ਅਖਬਾਰ ਮੁਤਾਬਕ ਸਿਰਫ ਕਰਨ ਪ੍ਰਯਾਗ ਅਤੇ ਜੋਸ਼ੀਮਠ ‘ਚ ਹੀ ਨਹੀਂ, ਸਗੋਂ ਮਸੂਰੀ ‘ਚ ਵੀ ਅਜਿਹੀ ਹੀ ਸਥਿਤੀ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਸੂਬਾ ਸਰਕਾਰ ਨੇ ਮਸੂਰੀ ਵਿੱਚ ਲੈਂਡਰ ਦਾ ਭੂ-ਵਿਗਿਆਨਕ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਇਲਾਕਿਆਂ ਚੋਂ ਆ ਰਹੀਆਂ ਖ਼ਬਰਾਂ ਕਾਫੀ ਚਿੰਤਾਜਨਕ ਹਨ ਤੇ ਜੇਕਰ ਵਕਤ ਰਹਿੰਦੇ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ।