‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਪਟਵਾਰੀਆਂ ਦੀ ਚੱਲਦੀ ਹੜਤਾਲ ਦੇ ਖਿਲਾਫ਼ ਬੇਰੁਜ਼ਗਾਰ ਨੌਜਵਾਨਾਂ ਦਾ ਖੂਨ ਖੋਲਣ ਲੱਗਾ ਹੈ। ਨੌਜਵਾਨ ਹੜਤਾਲੀ ਪਟਵਾਰੀਆਂ ਨੂੰ ਘਰੀਂ ਤੋਰ ਕੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੀ ਮੰਗ ਕਰਨ ਲੱਗੇ ਹਨ। ਸਬ ਤਹਿਸੀਲ ਧਨੌਲਾ ਤੋਂ ਇੱਕ ਅਜਿਹੇ ਨੌਜਵਾਨ ਅਤੇ ਸਮਾਜਿਕ ਕਾਰਕੁੰਨ ਭਾਣਾ ਸਿੱਧੂ ਦੀ ਵੀਡੀਓ ਸਾਹਮਣੇ ਆਈ ਹੈ ਜਿਹੜਾ ਪੰਜਾਬ ਸਰਕਾਰ ਤੋਂ ਮਹਿੰਗੇ ਪਟਵਾਰੀਆਂ ਨੂੰ ਹਟਾ ਕੇ ਸਸਤੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਹੋਕਾ ਦੇ ਰਿਹਾ ਦਿਖਾਈ ਦਿੰਦਾ ਹੈ। ਇਸ ਨੌਜਵਾਨ ਨੇ ਪੰਜਾਬ ਸਰਕਾਰ ਵੱਲੋਂ ਪਟਵਾਰੀ ਦੀਦਾਰ ਸਿੰਘ ਨੂੰ ਰਿਸ਼ਵਤ ਦੇ ਕੇਸ ਵਿੱਚ ਅੰਦਰ ਕਰਨ ਦੀ ਹਮਾਇਤ ਕਰਦਿਆਂ ਕਿਹਾ ਕਿ 70 ਹਜ਼ਾਰ ਤਨਖਾਹ ਨਾਲ ਉਨ੍ਹਾਂ ਦਾ ਢਿੱਡ ਨਹੀਂ ਭਰ ਰਿਹਾ ਅਤੇ ਇਹ ਲੱਖਾਂ ਵਿੱਚ ਉੱਪਰਲੀ ਕਮਾਈ ਕਰ ਰਹੇ ਹਨ।
ਨੌਜਵਾਨ ਜਿਸਨੇ ਇਹ ਵੀਡੀਓ ਸਬ ਤਹਿਸੀਲ ਧਨੌਲਾ ਵਿਖੇ ਧਰਨੇ ਉੱਤੇ ਬੈਠੇ ਪਟਵਾਰੀਆਂ ਦੇ ਐਨ ਸਾਹਮਣੇ ਖੜ ਕੇ ਵੀਡੀਓ ਬਣਾਈ ਹੈ, ਦਾ ਕਹਿਣਾ ਹੈ ਕਿ ਜਦੋਂ ਦੀਦਾਰ ਸਿੰਘ ਦੇ ਘਰੋਂ 33 ਰਜਿਸਟਰੀਆਂ, ਕਰੋੜਾਂ ਰੁਪਏ ਦਾ ਰਿਕਾਰਡ, ਲੱਖਾਂ ਦੇ ਗਹਿਣੇ ਅਤੇ ਬੈਂਕ ਲੌਕਰ ਦੀਆਂ ਚਾਬੀਆਂ ਹੱਥ ਆ ਚੁੱਕੀਆਂ ਹਨ ਤਾਂ ਪਟਵਾਰ ਯੂਨੀਅਨ ਦੀ ਹੜਤਾਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਉਹਨੇ ਇਹ ਵੀ ਕਿਹਾ ਕਿ ਉਸਦੇ ਫੋਨ ਵਿੱਚ ਅਜਿਹੀਆਂ ਵੀਡੀਓਜ਼ ਵੀ ਮੌਜੂਦ ਹਨ ਜਿੱਥੇ ਪਟਵਾਰੀ ਜਾਇਜ਼ ਕੰਮਾਂ ਲਈ ਵੀ ਹਜ਼ਾਰਾਂ ਦੀ ਰਿਸ਼ਵਤ ਲੈਂਦੇ ਕੈਦ ਕੀਤੇ ਗਏ ਹਨ। ਉਸਨੇ ਧੁਰ ਅੰਦਰੋਂ ਦਿਲ ਦਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਟਵਾਰੀ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਇੱਕ ਗਰੀਬ ਬਾਪ ਵੱਲੋਂ ਆਪਣੀ ਧੀ ਵਿਦੇਸ਼ ਭੇਜਣ ਲਈ ਵੇਚੀ ਦੁਕਾਨ ਦੇ ਇੰਤਕਾਲ ਲਈ 50 ਹਜ਼ਾਰ ਲਏ ਬਿਨਾਂ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਇਸ ਨੌਜਵਾਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨਵੀਂ ਸਰਕਾਰ ਦੇ ਸਾਰੇ ਫੈਸਲਿਆਂ ਨਾਲ ਅਸਿਹਮਤ ਹੋ ਕੇ ਵੀ ਭ੍ਰਿਸ਼ਟਾਚਾਰ ਦੇ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੇ ਹੱਕ ਵਿੱਚ ਡਟ ਕੇ ਖੜਾ ਹੈ। ਉਸਨੇ ਮੁੱਖ ਮੰਤਰੀ ਨੂੰ ਨੌਜਵਾਨ ਵਰਗ ਦੀ ਤਰਫ਼ੋਂ ਹੜਤਾਲੀ ਪਟਵਾਰੀਆਂ ਨੂੰ ਘਰੇ ਤੋਰ ਕੇ ਪੜੇ ਲਿਖੇ ਬੇਰੁਜ਼ਗਾਰਾਂ ਦੇ ਹੱਥ ਫਰਦਾਂ ਫੜਾਉਣ ਦੀ ਅਪੀਲ ਕੀਤੀ ਹੈ।