‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡਾਕਟਰਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੇ ਇਲਾਜ ਵਿੱਚ ਸਟੀਰੌਇਡ ਦੀ ਵਰਤੋਂ ਤੋਂ ਬਚਣ ਲਈ ਕਿਹਾ ਗਿਆ ਹੈ। ਭਾਰਤ ਦੇ ਸਿਹਤ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ AIIMS/ICMR-Covid 19 ਨੈਸ਼ਨਲ ਟਾਸਕ ਫੋਰਸ ਅਤੇ ਜੁਆਇੰਟ ਮਾਨੀਟਰਿੰਗ ਗਰੁੱਪ ਨੇ ਕਰੋਨਾ ਸੰਕਰਮਿਤ ਬਾਲਗ ਮਰੀਜ਼ਾਂ ਦੇ ਇਲਾਜ ਲਈ ਇੱਕ ਸੋਧਿਆ ਕਲੀਨਿਕਲ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ।
ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਟੀਰੌਇਡ ਵਰਗੀਆਂ ਦਵਾਈਆਂ ਬਲੈਕ ਫੰਗਸ ਅਤੇ ਹੋਰ ਲਾਗਾਂ ਦੇ ਜੋਖਮ ਨੂੰ ਵਧਾਉਂਦੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸਟੀਰੌਇਡ ਦੀ ਸਮੇਂ ਤੋਂ ਪਹਿਲਾਂ ਵਰਤੋਂ ਜਾਂ ਓਵਰਡੋਜ਼ ਸਿਹਤ ਲਈ ਠੀਕ ਨਹੀਂ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ ਵਿੱਚ ਕੋਵਿਡ ਦੇ ਹਲਕੇ, ਦਰਮਿਆਨੇ ਅਤੇ ਗੰਭੀਰ ਮਾਮਲਿਆਂ ਨੂੰ ਵੱਖਰੇ ਤੌਰ ‘ਤੇ ਦੇਖਣ ਲਈ ਕਿਹਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੋ-ਤਿੰਨ ਹਫ਼ਤਿਆਂ ਤੱਕ ਖੰਘ ਨਹੀਂ ਰੁਕਦੀ ਤਾਂ ਮਰੀਜ਼ ਨੂੰ ਟੀਬੀ ਅਤੇ ਹੋਰ ਟੈਸਟ ਕਰਵਾਉਣੇ ਚਾਹੀਦੇ ਹਨ।
ਪਿਛਲੇ ਹਫ਼ਤੇ ਵੀ ਨੀਤੀ ਆਯੋਗ ਦੇ ਮੈਂਬਰ (ਸਿਹਤ) ਅਤੇ ਕੋਵਿਡ ਟਾਸਕ ਫੋਰਸ ਦੇ ਮੁਖੀ ਡਾ. ਵੀਕੇ ਪਾਲ ਨੇ ਸਟੀਰੌਇਡ ਦੀ ਦੁਰਵਰਤੋਂ ਅਤੇ ਓਵਰਡੋਜ਼ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ। ਸੋਧੇ ਹੋਏ ਦਿਸ਼ਾ-ਨਿਰਦੇਸ਼ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਨਹੀਂ ਆ ਰਹੀ ਹੈ ਪਰ ਗਲੇ ਅਤੇ ਨੱਕ ਨਾਲ ਸਬੰਧਤ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਘਰ ਵਿੱਚ ਅਲੱਗ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ ਅਤੇ ਤੇਜ਼ ਬੁਖਾਰ ਦੇ ਨਾਲ-ਨਾਲ ਪੰਜ ਦਿਨਾਂ ਤੋਂ ਬਲਗਮ ਹੋ ਰਹੀ ਹੈ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਆਕਸੀਜਨ ਲੈਵਲ 90-93 ਫੀਸਦੀ ਦੇ ਵਿਚਕਾਰ ਹੈ, ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਉਣਾ ਚਾਹੀਦਾ ਹੈ। ਅਜਿਹੇ ਮਰੀਜ਼ਾਂ ਨੂੰ ਆਕਸੀਜਨ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਮੱਧਮ ਅਤੇ ਗੰਭੀਰ ਮਾਮਲਿਆਂ ਵਿੱਚ ਰੈਮਡੇਸੀਵਰ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ।