India

ਦਿੱਲੀ ਜਾਣ ਵਾਲੀਆਂ 24 ਟਰੇਨਾਂ ਹੋਈਆਂ ਲੇਟ, ਟਿਕਟਾਂ ਖ਼ਰੀਦਣ ਤੋਂ ਪਹਿਲਾਂ ਦੇਖੋ ਸੂਚੀ

new-delhi-24-trains-delayed-due-to-bad-weather

ਦਿੱਲੀ : ਇਸ ਸਮੇਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਦੀ ਖ਼ਰਾਬੀ ਕਾਰਨ ਅੱਜ ਦਿੱਲੀ ਆਉਣ ਵਾਲੀਆਂ ਜਾਂ ਇੱਥੋਂ ਲੰਘਣ ਵਾਲੀਆਂ ਕਈ ਰੇਲ ਗੱਡੀਆਂ ਦੇਰ ਨਾਲ ਚੱਲ ਰਹੀਆਂ ਹਨ। ਸੰਘਣੀ ਧੁੰਦ ਕਾਰਨ ਰੇਲ ਅਤੇ ਹਵਾਈ ਯਾਤਰਾ ‘ਚ ਵਿਘਨ ਪੈ ਰਿਹਾ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੰਘਣੀ ਧੁੰਦ ਕਾਰਨ ਭਾਰਤ ਦੇ ਕਈ ਰਾਜਾਂ ਤੋਂ ਦਿੱਲੀ ਪਹੁੰਚਣ ਵਾਲੀਆਂ 24 ਟਰੇਨਾਂ ਲੇਟ ਹੋ ਰਹੀਆਂ ਹਨ। ਸਭ ਤੋਂ ਦੇਰੀ ਨਾਲ ਚੱਲਣ ਵਾਲੀ ਰੇਲਗੱਡੀ ਰਾਜਧਾਨੀ ਐਕਸਪ੍ਰੈੱਸ ਹੈ, ਜੋ ਭੁਵਨੇਸ਼ਵਰ ਤੋਂ ਨਵੀਂ ਦਿੱਲੀ ਸਟੇਸ਼ਨ ਪਹੁੰਚੇਗੀ। ਇਹ ਆਪਣੇ ਨਿਰਧਾਰਤ ਸਮੇਂ ਤੋਂ 2 ਘੰਟੇ 45 ਮਿੰਟ ਲੇਟ ਹੈ।

ਉੱਤਰੀ ਭਾਰਤ ਵਿੱਚ ਇਨ੍ਹੀਂ ਦਿਨੀਂ ਬਹੁਤ ਠੰਢ ਪੈ ਰਹੀ ਹੈ। ਧੁੰਦ ਕਾਰਨ ਰੇਲ ਗੱਡੀਆਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਰਾਜਧਾਨੀ ਦਿੱਲੀ ਵੱਲ ਆਉਣ ਵਾਲੀਆਂ ਟਰੇਨਾਂ ‘ਚ ਰੋਜ਼ਾਨਾ 20 ਤੋਂ 25 ਟਰੇਨਾਂ 8-9 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਕਈ ਵਾਰ ਅਜਿਹਾ ਹੋਇਆ ਹੈ ਕਿ ਜਿਸ ਰੇਲਗੱਡੀ ਨੇ ਸਵੇਰੇ ਦਿੱਲੀ ਪਹੁੰਚਣਾ ਸੀ, ਉਹ ਸ਼ਾਮ ਨੂੰ ਦਿੱਲੀ ਪਹੁੰਚ ਗਈ ਹੈ।

ਦਿੱਲੀ/ਐਨਸੀਆਰ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ। ਫ਼ਿਲਹਾਲ ਉੱਤਰ-ਪੱਛਮੀ ਭਾਰਤ ਦੇ ਰਾਜਾਂ ਵਿੱਚ ਠੰਡ ਦੇ ਦਿਨ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਛਾਈ ਰਹੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਵਿੱਚ ਇਨ੍ਹੀਂ ਦਿਨੀਂ ਘੱਟੋ-ਘੱਟ ਤਾਪਮਾਨ 5-10 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ।