ਬਿਉਰੋ ਰਿਪੋਰਟ: ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਗਾਇਕ ਰੋਹਨਪ੍ਰੀਤ ਸਿੰਘ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਬਾ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਅਕਾਲੀ ਨੇ ਵੀਡੀਓ ਜਾਰੀ ਕਰਕੇ ਦੋਵਾਂ ਨੂੰ ਚੇਤਾਵਨੀ ਦਿੱਤੀ ਹੈ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ ਨੇਹਾ ਕੱਕੜ ਨੂੰ ਆਪਣੇ ਪਤੀ ਨੂੰ ਪਰਦੇ ਪਿੱਛੇ ਰੱਖਣਾ ਚਾਹੀਦਾ ਹੈ। ਲੋਕਾਂ ਦੇ ਸਾਹਮਣੇ ਇਤਰਾਜ਼ਯੋਗ ਹਰਕਤਾਂ ਕਰਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ?
ਨਿਹੰਗ ਮਾਨ ਸਿੰਘ ਅਕਾਲੀ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਗ਼ਲਤ ਸਮੱਗਰੀ ਪੋਸਟ ਕਰਨ ਵਾਲਿਆਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾਵੇਗਾ। ਦੂਜੀ ਵਾਰ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। ਇਸ ਲਈ ਭਾਵੇਂ ਸਾਨੂੰ ਜੇਲ੍ਹ ਜਾਣਾ ਪਵੇ। ਅਸੀਂ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਫੈਲਣ ਦੇਵਾਂਗੇ।
ਨਿਹੰਗ ਮਾਨ ਸਿੰਘ ਅਕਾਲੀ ਨੇ ਵੀਡੀਓ ਜਾਰੀ ਕਰਦਿਆਂ ਕਿਹਾ- ਹੁਣ ਵਾਰੀ ਹੈ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੀ। ਨੇਹਾ ਕੱਕੜ ਤੱਕ ਸਾਡਾ ਸੁਨੇਹਾ ਪਹੁੰਚਾ ਦੇਣਾ ਕਿ ਬੀਬੀ ਆਪਣੇ ਪਤੀ ਨੂੰ ਪਰਦੇ ਪਿੱਛੇ ਰੱਖ। ਤੁਸੀਂ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਥੋੜੀ ਸ਼ਰਮ ਕਰੋ, ਤੁਸੀਂ ਲੋਕ ਕਿਹੜੀਆਂ ਚੀਜ਼ਾਂ ਲੈ ਕੇ ਬੈਠੇ ਹੋ? ਅਸੀਂ ਮੰਨ ਗਏ ਕਿ ਤੁਸੀਂ ਲੋਕ ਫਿਲਮ ਸਟਾਰ ਅਤੇ ਚੰਗੇ ਗਾਇਕ ਹੋ, ਤਾਂ ਕੋਈ ਚੰਗਾ ਕੰਮ ਕਰ ਲਉ ਤੇ ਆਪਣੇ ਵਿਚਾਰ ਵੀ ਚੰਗੇ ਰੱਖੋ। ਤੁਸੀਂ ਲੋਕ ਆਪਣੇ ਬੱਚਿਆਂ ਨੂੰ ਕੀ ਪਰੋਸ ਰਹੇ ਹੋ? ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਅਤੇ ਅਸ਼ਲੀਲਤਾ ਦੇ ਦੋ ਦਰਿਆ ਵਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਅਸ਼ਲੀਲਤਾ ਪਰੋਸਣ ਵਾਲੇ ਕੋਈ ਨਹੀਂ ਸਗੋਂ ਸਾਡਾ ਆਪਣੇ ਸਰਦਾਰ ਭਰਾ ਹਨ। ਪਰ, ਉਹ ਲੋਕ ਅਸਲੀ ਸਰਦਾਰ ਨਹੀਂ ਹਨ, ਸਗੋਂ ਇੱਥੋਂ-ਉਧਰੋਂ ਆ ਕੇ ਸਰਦਾਰ ਬਣ ਗਏ ਹਨ। ਜਿਨ੍ਹਾਂ ਨੂੰ ਪੁਰਖਿਆਂ ਦੀ ਸਰਦਾਰੀ ਵਿਰਾਸਤ ਵਿੱਚ ਮਿਲੀ ਹੈ, ਉਹ ਇਸ ਦਾ ਸਤਿਕਾਰ ਕਰਦੇ ਹਨ। ਮੈਨੂੰ ਲਾਹੌਰ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਸਾਡੇ ਰਾਡਾਰ ’ਤੇ ਹਨ, ਜੋ ਸੋਸ਼ਲ ਮੀਡੀਆ ’ਤੇ ਗਲਤ ਸਮੱਗਰੀ ਪੋਸਟ ਕਰਦੇ ਹਨ। ਸਾਡਾ ਧਿਆਨ ਸਾਰਿਆਂ ਵੱਲ ਹੈ। ਸਭ ਨੂੰ ਇੱਕ ਵਾਰ ਪਿਆਰ ਨਾਲ ਸਮਝਾਇਆ ਜਾਵੇਗਾ, ਦੂਜੀ ਵਾਰ ਸਬਕ ਸਿਖਾਇਆ ਜਾਵੇਗਾ। ਸਾਨੂੰ ਜੇਲ੍ਹ ਜਾਣਾ ਮਨਜ਼ੂਰ ਹੈ, ਪਰ ਅਸੀਂ ਕਿਸੇ ਨੂੰ ਵੀ ਸਮਾਜ ਵਿੱਚ ਗੰਦਗੀ ਫੈਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ।
ਕੌਣ ਹੈ ਨਿਹੰਗ ਮਾਨ ਸਿੰਘ ਅਕਾਲੀ?
ਮਾਨ ਸਿੰਘ ਅਕਾਲੀ ਪੰਜਵੇਂ ਤਖ਼ਤ ਦੇ ਸਿੰਘ ਬਾਬਾ ਬੁੱਢਾ ਦਲ 96 ਕਰੋੜੀ ਨਾਲ ਸਬੰਧਿਤ ਹਨ, ਜੋ ਲੋਕਾਂ ਦੀ ਮਦਦ ਕਰਨ ਅਤੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾਉਣ ਵਾਲੇ ਸਿੱਖਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਸ਼ਹੂਰ ਹਨ। ਮਾਨ ਸਿੰਘ ਅਕਾਲੀ ਨੇ ਆਪਣਾ ਨੰਬਰ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਰੀ ਕੀਤਾ ਹੈ।