Punjab

ਸਿੱਧੂ ਸ਼ੋਅ ਪੀਸ ਨਹੀਂ, ਜਿਸਨੂੰ ਚੋਣਾਂ ਵੇਲੇ ਵਰਤਿਆ ਜਾਵੇ : ਸੋਨੀਆ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਦੀ ਬੜ੍ਹਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਲੰਮੇ ਸਮੇਂ ਤੋਂ ਆਪਣੀ ਚੁੱਪੀ ਤੋੜਦਿਆਂ ਪੰਜਾਬ ਵਿੱਚ ਚੱਲ ਰਹੀ ਸਿਆਸਤ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਕਿਹਾ ਕਿ ‘ਅੰਮ੍ਰਿਤਸਰ ਦੇ ਲੋਕਾਂ ਨੇ ਤਿੰਨ ਵਾਰ ਮੈਨੂੰ ਸੰਸਦ ਮੈਂਬਰ ਬਣਾਇਆ। ਮੈਂ ਰਾਜ ਸਭਾ, ਵਿਧਾਇਕ ਤੱਕ ਸਭ ਕੁੱਝ ਦੇਖਿਆ। ਮੇਰਾ ਇੱਕੋ ਹੀ ਮਨਸੂਬਾ ਹੈ ਕਿ ਦੋ ਪਰਿਵਾਰਾਂ ਦਾ ਬਣਾਇਆ ਹੋਇਆ ਸਿਸਟਮ, ਜੋ ਪੰਜਾਬ ਦਾ ਘਾਣ ਕਰ ਰਿਹਾ ਹੈ, ਆਪਣਾ ਬਿਜ਼ਨੈੱਸ ਕਰ ਰਿਹਾ, ਸੂਬੇ ਨੂੰ ਗਿਰਵੀ ਰੱਖ ਰਿਹਾ ਹੈ, ਇਸਦੇ ਖਜ਼ਾਨੇ ਨੂੰ ਜੇਬਾਂ ਵਿੱਚ ਪਾ ਰਿਹਾ ਹੈ, ਉਸਨੂੰ ਸਿਸਟਮ ਨੂੰ ਬਦਲਣਾ ਹੈ। ਮੈਂ ਸਿਸਟਮ ਦੇ ਧੱਕੇ ਖਾ-ਖਾ ਕੇ ਇਸ ਨਤੀਜੇ ‘ਤੇ ਪਹੁੰਚਿਆ ਹਾਂ। ਦੋ ਪਰਿਵਾਰਾਂ ਨੇ ਪੰਜਾਬ ਨੂੰ ਕਠਪੁਤਲੀ ਬਣਾ ਕੇ ਨਚਾਇਆ ਹੈ। ਇਹ ਵਾਰੀ ਖੇਡਦੇ ਹਨ ਕਿ ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ ਹਨ। ਲੋਕਾਂ ਦੀ ਤਾਕਤ ਲੋਕਾਂ ਵਾਸਤੇ ਵਰਤੀ ਜਾਵੇ। ਮੈਂ ਪਹਿਲੀ ਕੈਬਨਿਟ ਵਿੱਚ ਇੱਕ ਏਜੰਡਾ ਲੈ ਕੇ ਆਇਆ ਸੀ। ਮੈਂ ਪ੍ਰਸ਼ਾਂਤ ਕਿਸ਼ੋਰ ਨੂੰ ਕਿਹਾ ਸੀ ਕਿ ਮੈਂ ਇਵੇਂ ਨਹੀਂ ਜਾਣਾ, ਜੇਕਰ ਅਸੀਂ ਕੋਈ ਭਲੇ ਦਾ ਜ਼ਰੀਆ ਬਣ ਸਕਦੇ ਹਾਂ ਤਾਂ ਫਿਰ ਮੇਰੇ ਲਈ ਰਾਜਨੀਤੀ ਧੰਦਾ ਨਹੀਂ ਹੈ’।

ਉਨ੍ਹਾਂ ਕਿਹਾ ਕਿ ‘ਮੈਂ ਹਾਈਕਮਾਨ ਨੂੰ ਮਿਲਿਆ। ਹਾਈਕਮਾਨ ਦੇ ਲੋਕ ਨੇਕ ਬੰਦੇ ਹਨ, ਖਾਨਦਾਨੀ ਝਲਕਦੀ ਹੈ। ਉਨ੍ਹਾਂ ਮੈਨੂੰ ਕਿਹਾ ਕਿ ਸਿਸਟਮ ਵਿੱਚ ਰਹਿ ਕੇ ਗੰਦਗੀ ਸਾਫ ਹੋਵੇਗੀ। 17 ਸਾਲ ਤੋਂ ਮੈਂ ਲੋਕ-ਪੱਖੀ, ਪੰਜਾਬ ਪੱਖੀ ਏਜੰਡੇ ‘ਤੇ ਖੜ੍ਹਾ ਹਾਂ। ਜਿਹੜੇ ਮੇਰੇ ‘ਤੇ ਨਿੱਜੀ ਵਾਰ ਕਰਦੇ ਹਨ, ਮੈਂ ਉਨ੍ਹਾਂ ਨੂੰ ਕਦੇ ਜਵਾਬ ਨਹੀਂ ਦਿੰਦਾ ਕਿਉਂਕਿ ਪੰਜਾਬ ਦੇ ਵਿਕਾਸ ਦਾ ਸਵਾਲ ਹੈ। ਮੈਂ ਪਹਿਲੀ ਕੈਬਨਿਟ ਵਿੱਚ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਸ਼ਰਾਬ ਦੀ ਨੀਤੀ ਬਦਲੀਏ। ਜੇ ਸ਼ਰਾਬ ਦੇ ਪੈਸੇ ਆਉਂਦੇ ਹਨ ਤਾਂ ਉਹ ਸੂਬੇ ਦੇ ਖਜ਼ਾਨੇ ਵਿੱਚ ਆਉਣੇ ਚਾਹੀਦੇ ਹਨ’।

25 ਸਾਲ ਦੇ ਸਿਸਟਮ ਨੇ ਪੰਜਾਬ ‘ਤੇ ਚੜ੍ਹਾਇਆ 3 ਲੱਖ ਕਰੋੜ ਰੁਪਏ ਦਾ ਕਰਜ਼ਾ

ਸਿੱਧੂ ਨੇ ਕਿਹਾ ਕਿ ‘25 ਸਾਲ ਦੇ ਸਿਸਟਮ ਨੇ ਪੰਜਾਬ ‘ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਸੂਬੇ ਦੀ ਆਮਦਨੀ ਇਨ੍ਹਾਂ ਦੀਆਂ ਜੇਬਾਂ ਵਿੱਚ ਜਾਂਦੀ ਹੈ। ਜਿਸ ਮੁੱਦੇ ‘ਤੇ ਸਰਕਾਰ ਨੇ ਚੋਣ ਲੜੀ, ਸਰਕਾਰ ਕਹਿੰਦੀ ਹੈ ਕਿ ਉਸਨੇ ਉਸ ਮੁੱਦੇ ਦੀ ਰਿਪੋਰਟ ਹੀ ਨਹੀਂ ਪੜੀ। ਸਰਕਾਰ ਕੋਲ ਰਿਪੋਰਟ ਪੜ੍ਹਨ ਜੋਗਾ ਇੰਨਾ ਸਮਾਂ ਹੀ ਨਹੀਂ ਹੈ। ਮੈਂ ਉਸ ਰਿਪੋਰਟ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਹੈ। ਅੱਜ ਸਿਸਟਮ ਦੀਆਂ ਪੋਲਾਂ ਖੁੱਲ੍ਹੀਆਂ ਹੋਈਆਂ ਪਈਆਂ ਹਨ’।

ਸਿੱਧੂ ਸ਼ੋ ਪੀਸ ਨਹੀਂ, ਜੋ ਚੋਣਾਂ ਵੇਲੇ ਵਰਤਿਆ ਜਾਵੇ

ਸਿੱਧੂ ਨੇ ਕਿਹਾ ਕਿ ‘ਲੋਕ ਕਹਿੰਦੇ ਸਿੱਧੂ ਦਾ ਗਰੁੱਪ ਕਿਹੜਾ, ਸਿੱਧੂ ਦਾ ਗਰੁੱਪ 78 ਵਿਧਾਇਕ ਹਨ। ਸਰਕਾਰ ਕੋਲ ਤਨਖਾਹਾਂ ਦੇਣ ਨੂੰ ਪੈਸੇ ਪੂਰੇ ਨਹੀਂ ਹਨ। ਸਰਕਾਰ ਨੇ 400 ਦੀ ਵੈਕਸੀਨ 1600 ਵਿੱਚ ਵੇਚੀ, ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਕਿਸ ਆਧਾਰ ‘ਤੇ ਦਿੱਤੀ, ਸਿਰਫ ਆਪਣੀ ਕੁਰਸੀ ਬਚਾਉਣ ਲਈ। ਸਭ ਨੂੰ ਸਿੱਧੂ ਚੋਣਾਂ ਵੇਲੇ ਯਾਦ ਆਉਂਦਾ ਹੈ, ਕੀ ਸਿੱਧੂ ਸ਼ੋ ਪੀਸ ਹੈ। ਸਿੱਧੂ ਸ਼ੋ ਪੀਸ ਨਹੀਂ, ਜੋ ਚੋਣਾਂ ਵਿੱਚ ਵਰਤ ਲਉਗੇ’।

ਪੰਜਾਬ ਨੂੰ ਦਿੱਲੀ ਮਾਡਲ ਨਹੀਂ, ਪੰਜਾਬ ਮਾਡਲ ਚਾਹੀਦਾ ਹੈ

ਉਨ੍ਹਾਂ ਕਿਹਾ ਕਿ ‘ਸਰਕਾਰ ਦਾ ਕੀ ਵਜੂਦ ਰਹਿ ਗਿਆ ਜੇ ਉਹ 6 ਸਾਲਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਸਕਣ। ਮੈਂ ਆਪਣੇ ਲਈ ਅੱਜ ਤੱਕ ਕੁੱਝ ਨਹੀਂ ਮੰਗਿਆ ਪਰ ਗੁਰੂ ਸਾਹਿਬ ਜੀ ਲਈ ਝੋਲੀ ਅੱਡਣੀ ਮੇਰੇ ਲਈ ਸਭ ਤੋਂ ਫਖਰ ਵਾਲਾ ਦਿਨ ਸੀ। ਉਸ ਗੁਰੂ ਨਗਰੀ ਦਾ ਸੰਸਦ ਮੈਂਬਰ ਬਣਨਾ, ਮਤਲਬ ਮੇਰੀਆਂ 21 ਪੁਸ਼ਤਾਂ ਤਰ ਗਈਆਂ। ਜਿਸ ਸਿਸਟਮ ਨੇ ਪੰਜਾਬ ਦੇ ਲੋਕਾਂ ਦੇ ਭਲੇ ਦਾ ਮੇਰਾ ਹਰ ਪ੍ਰਸਤਾਵ ਠੁਕਰਾ ਦਿੱਤਾ, ਮੈਂ ਉਸ ਸਿਸਟਮ ਨੂੰ ਠੋਕਰ ਮਾਰ ਦਿੱਤੀ। ਪੰਜਾਬ ਨੂੰ ਪੰਜਾਬ ਮਾਡਲ ਚਾਹੀਦਾ ਹੈ, ਦਿੱਲੀ ਮਾਡਲ ਨਹੀਂ ਚਾਹੀਦਾ’।

ਸਿੱਧੂ ਨੇ ਕਿਹਾ ਕਿ ‘ਇਹ ਕੌਣ ਹੁੰਦੇ ਹਨ ਕਿਸੇ ਨੂੰ ਕਹਿਣ ਵਾਲੇ ਕਿ ਦਰਵਾਜ਼ੇ ਬੰਦ ਹੋ ਗਏ। ਸਿੱਧੂ ਤਾਂ ਵਿਧਾਨ ਸਭਾ ਛੱਡ ਕੇ ਪੰਜਾਬ ਆਇਆ ਸੀ। ਇਨ੍ਹਾਂ ਨੇ ਲੋਕਤੰਤਰ ਦੀ ਮਰਿਯਾਦਾ ਭੰਗ ਕਰ ਦਿੱਤੀ ਹੈ। ਇਹ ਵਰਤ ਕੇ ਸੁੱਟਣ ਵਾਲੇ ਬੰਦੇ ਹਨ। ਸਿੱਧੂ ਵਚਨ ਦੇ ਕੇ ਕਦੇ ਮੁੱਕਰਦਾ ਨਹੀਂ ਹੈ। ਸਿਸਟਮ ਹੀ ਦੋ ਪਰਿਵਾਰ ਹਨ। ਜਿਹੜੇ ਇਨ੍ਹਾਂ ਅੱਗੇ ਝੁਕ ਗਿਆ, ਉਹ ਬਖਸ਼ਿਆ ਗਿਆ। ਪੰਜਾਬ ਨੂੰ ਹਮਦਰਦੀ ਨਹੀਂ ਚਾਹੀਦੀ। ਉਨ੍ਹਾਂ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਨਿਕਲਣਾ ਹੈ। ਸਰਕਾਰ ਸ਼ਰਾਬ ਉੱਤੇ ਐਕਸਾਈਜ਼ ਲਾਵੇ, ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਵੇ, ਬਾਦਲਾਂ ਦੀਆਂ ਬੱਸਾਂ ਨੂੰ ਬੰਦ ਕੀਤਾ ਜਾਵੇ’।